ਅਭਿਨੇਤਾ ਕਿਰਣ ਕੁਮਾਰ ਨੇ ਦਿੱਤੀ ‘ਕੋਰੋਨਾ’ ਨੂੰ ਮਾਤ, ਤੀਜੀ ਰਿਪੋਰਟ ਆਈ ਨੈਗੇਟਿਵ

ਮੁੰਬਈ- ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦਾ ਨਾਮ ਹੀ ਨਹੀਂ ਲੈ ਰਿਹੈ। ਇਸ ਦੀ ਲਪੇਟ ਵਿਚ ਕੁਝ ਬਾਲੀਵੁੱਡ ਸਿਤਾਰੇ ਵੀ ਆ ਚੁੱਕੇ ਹਨ। ਹਾਲ ਹੀ ਵਿਚ ਬਾਲੀਵੁੱਡ ਦੇ ਦਿੱਗਜ ਐਕਟਰ ਕਿਰਣ ਕੁਮਾਰ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਖਬਰ ਆਈ ਸੀ ਪਰ ਹੁਣ ਉਨ੍ਹਾਂ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਕੋਰੋਨਾ ਦੇ ਤੀਜੇ ਟੈਸਟ ਵਿਚ ਕਿਰਣ ਕੁਮਾਰ ਦੀ ਰਿਪੋਰਟ ਨੈਗੇਟਿਵ ਆਈ ਹੈ।
ਨੈਗੇਟਿਵ ਰਿਪੋਰਟ ਆਉਣ ’ਤੇ ਜਤਾਈ ਖੁਸ਼ੀ
ਕਿਰਣ ਕੁਮਾਰ ਵਲੋਂ ਉਨ੍ਹਾਂ ਦੇ ਬੁਲਾਰੇ ਨੇ ਇਸ ਬਾਰੇ ਵਿਚ ਬਿਆਨ ਜ਼ਾਰੀ ਕੀਤਾ ਹੈ। ਇਸ ਬਿਆਨ ਵਿਚ ਕਿਰਣ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਮੈਨੂੰ ਇਕ ਰੁਟੀਨ ਮੈਡੀਕਲ ਪ੍ਰਕਿਰਿਆ ’ਚੋਂ ਲੰਘਣਾ ਪਿਆ, ਜਿਸ ਦੇ ਲਈ ਉਸ ਸਮੇਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ, ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਸੀ। ਮੇਰੀ ਧੀ ਟੈਸਟ ਲਈ ਮੇਰੇ ਨਾਲ ਗਈ ਅਤੇ ਅਸੀਂ ਮਜ਼ਾਕ ਕਰ ਰਹੇ ਸੀ ਕਿ ਇਹ ਸਿਰਫ ਇਕ ਰਸਮ ਹੈ ਅਤੇ ਜਲਦ ਹੀ ਅਸੀਂ ਆਪਣੇ ਸਾਧਾਰਣ ਜੀਵਨ ਨਾਲ ਅੱਗੇ ਵਧਾਂਗੇ ਪਰ ਟੈਸਟ ਪਾਜ਼ੀਟਿਵ ਆਇਆ। ਅਸੀਂ ਇਕ ਘੰਟੇ ਦੇ ਅੰਦਰ ਘਰ ’ਤੇ ਇਕ ਫਲੋਰ ਬੰਦ ਕਰ ਦਿੱਤਾ ਅਤੇ ਇਸ ਨੂੰ ਆਈਸੋਲੇਸ਼ਨ ਜੋਨ ਵਿਚ ਬਦਲ ਦਿੱਤਾ। ਹਿੰਦੂਜਾ ਖਾਰ ਅਤੇ ਲੀਲਾਵਤੀ ਹਸਪਤਾਲ ਦੇ ਸ਼ਾਨਦਾਰ ਡਾਕਟਰਾਂ ਨੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਕਿ ਕਿਹਾ ਕਿ ਸਾਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
ਅੱਜ ਕੋਵਿਡ-19 ਦਾ ਫਿਰ ਤੋਂ ਟੈਸਟ ਕਰਵਾਉਣ ਤੋਂ ਬਾਅਦ, ਮੈਨੂੰ ਇਹ ਕਹਿਣ ਵਿਚ ਖੁਸ਼ੀ ਹੋ ਰਹੀ ਹੈ ਕਿ ਮੇਰਾ ਟੈਸਟ ਨੈਗੇਟਿਵ ਆਇਆ ਹੈ। ਮੇਰਾ ਪਰਿਵਾਰ ਹੁਣ ਤੱਕ ਹੋਮ ਆਈਸੋਲੇਸ਼ਨ ਫਾਲੋ ਕਰ ਰਿਹਾ ਹੈ। ਕਿਰਨ ਨੇ ਦੱਸਿਆ ਕਿ ਉਹ ਆਪਣੇ ਇਸ ਖਾਲੀ ਸਮੇਂ ਵਿਚ ਮੇਡੀਟੇਸ਼ਨ ਕਰ ਰਹੇ ਹਨ, ਆਨਲਾਇਨ ਕੰਟੈਂਟ ਦੇਖ ਰਹੇ ਹਨ ਅਤੇ ਕਿਤਾਬਾਂ ਪੜ ਰਹੇ ਹਨ। ਇਸ ਮੁਸ਼ਕਿਲ ਸਮੇਂ ਵਿਚ ਕਿਰਨ ਨੇ ਡਾਕਟਰਾਂ ਅਤੇ ਮੈਡੀਕਲ ਵਰਕਰਸ ਨੂੰ ਅਸਲੀ ਸੁਪਰਹੀਰੋ ਦੱਸਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ।