ਅਫ਼ਗਾਨਿਸਤਾਨ: ਹੜ੍ਹ ਕਾਰਨ 15 ਲੋਕਾਂ ਦੀ ਮੌਤ

ਅਫ਼ਗਾਨਿਸਤਾਨ: ਹੜ੍ਹ ਕਾਰਨ 15 ਲੋਕਾਂ ਦੀ ਮੌਤ

ਇਸਲਾਮਾਬਾਦ (ਇੰਡੋ ਕਨੇਡੀਅਨ ਟਾਇਮਜ਼)-ਅਫ਼ਗਾਨਿਸਤਾਨ ਦੇ ਉੱਤਰ-ਪੂਰਬੀ ਖੇਤਰ ਵਿੱਚ ਭਾਰੀ ਮੀਂਹ ਨਾਲ ਅਚਾਨਕ ਆਏ ਹੜ੍ਹ ਕਾਰਨ ਇੱਕ ਪਰਿਵਾਰ ਦੇ ਦਸ ਮੈਂਬਰਾਂ ਸਮੇਤ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾਈ ਹੋਈ ਹੈ ਜਿਸ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ ਹੈ। ਮੀਂਹ ਕਾਰਨ ਅਚਾਨਕ ਆਏ ਹੜ੍ਹ ਨਾਲ ਕਈ ਇਮਾਰਤਾਂ ਤੇ ਫ਼ਸਲਾਂ ਨਸ਼ਟ ਹੋ ਗਈਆਂ ਹਨ। ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਬਚੇ ਹੋਏ ਲੋਕ ਰੋਜ਼ੀ-ਰੋਟੀ ਕਮਾਉਣ ਦੇ ਸਮਰੱਥ ਨਹੀਂ ਹਨ।

ਸ਼ਨਿੱਚਰਵਾਰ ਰਾਤ ਨੂੰ ਆਏ ਹੜ੍ਹ ਕਾਰਨ ਉੱਤਰ-ਪੂਰਬ ਸਥਿਤ ਬਦਖਸ਼ਾਂ ਅਤੇ ਉੱਤਰੀ ਬਗ਼ਲਾਨ ਸੂਬੇ ਵਧ ਪ੍ਰਭਾਵਿਤ ਹੋਏ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰੀ ਮੀਂਹ ਕਾਰਨ ਬਗ਼ਲਾਨ ਸੂਬੇ ਵਿੱਚ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਸੀ। ਬਦਖਸ਼ਾਂ ਵਿੱਚ ਕੁਦਰਤੀ ਆਫਤ ਪ੍ਰਬੰਧਨ ਵਿਭਾਗ ਦੇ ਡਾਇਰੈਕਟਰ ਮੁਹੰਮਦ ਅਕਰਮ ਅਕਬਰੀ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਫੈਜ਼ਾਬਾਦ ਵਿੱਚ ਹੜ੍ਹ ਕਾਰਨ ਇੱਕ ਜੋੜੇ ਤੇ ਉਸ ਦੇ ਅੱਠ ਬੱਚਿਆਂ ਦੀ ਮੌਤ ਹੋ ਗਈ। ਬਗ਼ਲਾਨ ਸੂਬੇ ਵਿੱਚ ਕੁਦਰਤੀ ਆਫ਼ਤ ਪ੍ਰਬੰਧਨ ਦੇ ਸੂਬਾਈ ਡਾਇਰੈਕਟਰ ਇਦਾਯਤੁੱਲਾ ਹਮਦਰਦ ਨੇ ਕਿਹਾ ਕਿ ਹੜ੍ਹ ਕਾਰਨ ਦੋਸ਼ੀ ਜ਼ਿਲ੍ਹੇ ਵਿੱਚ ਘੱਟੋ ਘੱਟ 40 ਘਰ ਨੁਕਸਾਨੇ ਗਏ ਅਤੇ ਕਈ ਲੋਕ ਮਾਰੇ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਮ੍ਰਿਤਕਾਂ ਦੀ ਗਿਣਤੀ ਸਬੰਧੀ ਜ਼ਿਆਦਾ ਵੇਰਵਾ ਨਹੀਂ ਦਿੱਤਾ। ਇੱਕ ਸਥਾਨਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੂਬੇ ਵਿੱਚ ਬਚਾਅ ਟੀਮਾਂ ਨੂੰ ਹੁਣ ਤੱਕ ਪੰਜ ਲਾਸ਼ਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਿਊਐੱਫਪੀ) ਨੇ ਕਿਹਾ ਕਿ 10 ਤੇ 11 ਮਈ ਨੂੰ ਹੋਈ ਭਾਰੀ ਬਰਸਾਤ ਕਾਰਨ ਅਫ਼ਗਾਨਿਸਤਾਨ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਘਰ ਤਬਾਹ ਹੋਏ ਹਨ। ਵਧੇਰੇ ਨੁਕਸਾਨ ਉੱਤਰੀ ਸੂਬੇ ਬਗ਼ਲਾਨ ਵਿੱਚ ਹੋਇਆ ਹੈ। 

sant sagar