ਬਜਟ ਦਾ 15 ਫ਼ੀਸਦ ਘੱਟ ਗਿਣਤੀਆਂ ’ਤੇ ਖ਼ਰਚਣਾ ਚਾਹੁੰਦੀ ਸੀ ਕਾਂਗਰਸ: ਮੋਦੀ
(ਇੰਡੋ ਕਨੇਡੀਅਨ ਟਾਈਮਜ਼)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਜਟ ਦਾ 15 ਫ਼ੀਸਦੀ ਹਿੱਸਾ ਘੱਟ ਗਿਣਤੀਆਂ ’ਤੇ ਖ਼ਰਚ ਕਰਨਾ ਚਾਹੁੰਦੀ ਸੀ। ਉਨ੍ਹਾਂ ਅਹਿਦ ਲਿਆ ਕਿ ਉਹ ਨੌਕਰੀਆਂ ਅਤੇ ਸਿੱਖਿਆ ’ਚ ਧਰਮ ਦੇ ਆਧਾਰ ’ਤੇ ਰਾਖਵਾਂਕਰਨ ਜਾਂ ਬਜਟ ਵੰਡਣ ਦੀ ਇਜਾਜ਼ਤ ਨਹੀਂ ਦੇਣਗੇ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਪਿੰਪਲਗਾਓਂ ਬਾਸਵੰਤ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਮ ਦੇ ਆਧਾਰ ’ਤੇ ਬਜਟ ਵੰਡਣਾ ਖ਼ਤਰਨਾਕ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਵਿਧਾਨ ਨਿਰਮਾਤਾ ਡਾਕਟਰ ਬਾਬਾ ਸਾਹਬ ਅੰਬੇਦਕਰ ਨੌਕਰੀਆਂ ਅਤੇ ਸਿੱਖਿਆ ’ਚ ਧਰਮ ਆਧਾਰਿਤ ਰਾਖਵੇਂਕਰਨ ਖ਼ਿਲਾਫ਼ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਕਾਂਗਰਸ ਜਦੋਂ ਸੱਤਾ ’ਚ ਸੀ ਤਾਂ ਉਸ ਨੇ ਘੱਟ ਗਿਣਤੀਆਂ ਲਈ ਬਜਟ ਦਾ 15 ਫ਼ੀਸਦ ਖ਼ਰਚਣ ਦੀ ਯੋਜਨਾ ਤਿਆਰ ਕਰ ਲਈ ਸੀ। ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਕਾਂਗਰਸ ਨੇ ਇਹ ਤਜਵੀਜ਼ ਲਿਆਂਦੀ ਸੀ। ਭਾਜਪਾ ਨੇ ਇਸ ਕਦਮ ਦਾ ਤਿੱਖਾ ਵਿਰੋਧ ਕੀਤਾ ਸੀ ਜਿਸ ਕਾਰਨ ਉਹ ਇਸ ਨੂੰ ਲਾਗੂ ਨਹੀਂ ਕਰ ਸਕੀ ਸੀ। ਪਰ ਕਾਂਗਰਸ ਹੁਣ ਦੁਬਾਰਾ ਇਹ ਤਜਵੀਜ਼ ਲਿਆਉਣਾ ਚਾਹੁੰਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਕਟਰ ਅੰਬੇਦਕਰ ਧਰਮ ਆਧਾਰਿਤ ਕੋਟੇ ਖ਼ਿਲਾਫ਼ ਸਨ ਪਰ ਕਾਂਗਰਸ ਐੱਸਸੀਜ਼/ਐੱਸਟੀਜ਼/ਓਬੀਸੀਜ਼ ਦੇ ਰਾਖਵੇਂਕਰਨ ਅਧਿਕਾਰ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ। ‘ਮੋਦੀ ਸਮਾਜ ਦੇ ਹਾਸ਼ੀਏ ’ਤੇ ਧੱਕੇ ਲੋਕਾਂ ਦੇ ਹੱਕਾਂ ਦਾ ਚੌਕੀਦਾਰ ਹੈ ਅਤੇ ਮੈਂ ਕਦੇ ਵੀ ਕਾਂਗਰਸ ਨੂੰ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਨਹੀਂ ਮਾਰਨ ਦੇਵਾਂਗਾ।’ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਜਿਹਾ ਪ੍ਰਧਾਨ ਮੰਤਰੀ ਚੁਣਨ ਲਈ ਹੋ ਰਹੀਆਂ ਹਨ ਜੋ ਦੇਸ਼ ਲਈ ਮਜ਼ਬੂਤ ਫ਼ੈਸਲੇ ਲੈ ਸਕੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਉਨ੍ਹਾਂ ਦੀ ਸਰਕਾਰ ਨੇ ਹਰ ਧਰਮ ਦੇ ਲੋਕਾਂ ਨੂੰ ਮੁਫ਼ਤ ਰਾਸ਼ਨ, ਪਾਣੀ, ਬਿਜਲੀ, ਘਰ ਅਤੇ ਗੈਸ ਕੁਨੈਕਸ਼ਨ ਦਿੱਤੇ। ‘ਲੋਕ ਭਲਾਈ ਯੋਜਨਾਵਾਂ ਸਾਰਿਆਂ ਲਈ ਬਣਾਈਆਂ ਜਾਂਦੀਆਂ ਹਨ।’ ਐੱਨਸੀਪੀ (ਐੱਸਪੀ) ਪ੍ਰਧਾਨ ਸ਼ਰਦ ਪਵਾਰ ਦਾ ਨਾਮ ਲਏ ਬਿਨਾਂ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ ਦਾ ‘ਇੰਡੀ’ ਗੱਠਜੋੜ ਦਾ ਆਗੂ ਜਾਣਦਾ ਹੈ ਕਿ ਕਾਂਗਰਸ ਚੋਣਾਂ ’ਚ ਬੁਰੀ ਤਰ੍ਹਾਂ ਹਾਰਨ ਵਾਲੀ ਹੈ। ਇਸੇ ਕਰਕੇ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਛੋਟੀ ਪਾਰਟੀਆਂ ਕਾਂਗਰਸ ’ਚ ਰਲੇਵਾਂ ਕਰ ਲੈਣ ਤਾਂ ਜੋ ਉਹ ਵਿਰੋਧੀ ਧਿਰ ਵਜੋਂ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਜਦੋਂ ਨਕਲੀ ਸ਼ਿਵ ਸੈਨਾ, ਕਾਂਗਰਸ ਨਾਲ ਰਲੇਗੀ ਤਾਂ ਬਾਲਾਸਾਹੇਬ ਠਾਕਰੇ ਯਾਦ ਆਉਣਗੇ ਕਿਉਂਕਿ ਮਰਹੂਮ ਆਗੂ ਨੇ ਅਯੁੱਧਿਆ ’ਚ ਰਾਮ ਮੰਦਰ ਅਤੇ ਧਾਰਾ 370 ਖ਼ਤਮ ਕਰਨ ਦਾ ਸੁਪਨਾ ਲਿਆ ਸੀ।