ਮੂਸੇਵਾਲਾ ਦੀ ਵਿਰਾਸਤ ਦਾ ਲਾਹਾ ਲੈਣ ਦੀ ਤਿਆਰੀ ’ਚ ਕਾਂਗਰਸ

ਮੂਸੇਵਾਲਾ ਦੀ ਵਿਰਾਸਤ ਦਾ ਲਾਹਾ ਲੈਣ ਦੀ ਤਿਆਰੀ ’ਚ ਕਾਂਗਰਸ

ਮੂਸੇਵਾਲਾ ਦੀ ਵਿਰਾਸਤ ਦਾ ਲਾਹਾ ਲੈਣ ਦੀ ਤਿਆਰੀ ’ਚ ਕਾਂਗਰਸ
ਚੰਡੀਗੜ੍ਹ- ਪੰਜਾਬ ’ਚ ਕਾਂਗਰਸ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਵਿਰਾਸਤ ਦਾ ਲਾਹਾ ਲੈਣ ਦੀ ਤਿਆਰੀ ’ਚ ਹੈ। ਪਿਛਲੇ ਕੁਝ ਦਿਨਾਂ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਕਾਂਗਰਸ ਉਮੀਦਵਾਰਾਂ ਨਾਲ ਪਰਚੇ ਦਾਖ਼ਲ ਕਰਨ ਸਮੇਂ ਦੇਖਿਆ ਗਿਆ। ਉਹ ਲੁਧਿਆਣਾ, ਆਨੰਦਪੁਰ ਸਾਹਿਬ ਅਤੇ ਬਠਿੰਡਾ ’ਚ ਕਾਂਗਰਸੀ ਉਮੀਦਵਾਰਾਂ ਨਾਲ ਮੌਜੂਦ ਸਨ। ਮੂਸੇਵਾਲਾ ਦੀ ਹੱਤਿਆ ਲਈ ਜ਼ਿੰਮੇਵਾਰ ਦੋਸ਼ੀਆਂ ਖ਼ਿਲਾਫ਼ ਪੁਖ਼ਤਾ ਕਾਰਵਾਈ ਨਾ ਕੀਤੇ ਜਾਣ ਤੋਂ ਨਾਰਾਜ਼ ਪਰਿਵਾਰ ਦੇ ਭਾਜਪਾ ਅਤੇ ‘ਆਪ’ ਖ਼ਿਲਾਫ਼ ਰਵੱਈਏ ਦੀ ਕਾਂਗਰਸ ਵਰਤੋਂ ਕਰਨ ਦੇ ਰੌਂਅ ’ਚ ਜਾਪ ਰਹੀ ਹੈ। ਪਿਛਲੇ ਸਾਲ ਜਲੰਧਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਮੂਸੇਵਾਲਾ ਦੇ ਪਿਤਾ ਨੇ ‘ਆਪ’ ਖ਼ਿਲਾਫ਼ ਪ੍ਰਚਾਰ ਕੀਤਾ ਸੀ। ਉਂਜ ਤਤਕਾਲੀ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਚੋਣ ਜਿੱਤ ਗਿਆ ਸੀ। ਰਿੰਕੂ ਹੁਣ ਭਾਜਪਾ ’ਚ ਸ਼ਾਮਲ ਹੋ ਗਿਆ ਹੈ ਅਤੇ ਉਸ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ। ਸੀਨੀਅਰ ਕਾਂਗਰਸ ਆਗੂਆਂ ਨੇ ਮੰਨਿਆ ਕਿ ਮਰਹੂਮ ਪੰਜਾਬੀ ਗਾਇਕ ਦੀ ਮਕਬੂਲੀਅਤ ਅਤੇ ਉਸ ਦੇ ਪਿਤਾ ਨੂੰ ਦਿੱਤੀ ਜਾ ਰਹੀ ਹਮਾਇਤ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ,‘‘ਪਰਿਵਾਰ ਆਪਣੇ ਪੁੱਤਰ ਦੀ ਹੱਤਿਆ ਮਗਰੋਂ ਇਨਸਾਫ਼ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ। ‘ਆਪ’ ਨੇ ਉਨ੍ਹਾਂ ਦੇ ਜਜ਼ਬਾਤ ਦੀ ਕੋਈ ਕਦਰ ਨਹੀਂ ਪਾਈ। ਕਾਂਗਰਸ ਪਾਰਟੀ ਮਰਹੂਮ ਗਾਇਕ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰਨਾ ਜਾਰੀ ਰੱਖੇਗੀ।’’ ਮੂਸੇਵਾਲਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਮਾਨਸਾ ਤੋਂ ਕਾਂਗਰਸ ਦੀ ਟਿਕਟ ’ਤੇ ਲੜੀਆਂ ਸਨ ਪਰ ਉਹ ‘ਆਪ’ ਦੇ ਵਿਜੈ ਸਿੰਗਲਾ ਤੋਂ ਹਾਰ ਗਿਆ ਸੀ। ਚੋਣ ਹਾਰਨ ਮਗਰੋਂ ਮੂਸੇਵਾਲਾ ਦੀ ਮਾਨਸਾ ’ਚ 29 ਮਈ, 2022 ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਨੇ ਬਲਕੌਰ ਸਿੰਘ ਨੂੰ ਮਨਾਇਆ ਸੀ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਨਾ ਲੜਨ। ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੂਸੇਵਾਲਾ ਦੇ ਘਰ ਜਾ ਕੇ ਬਲਕੌਰ ਸਿੰਘ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਨਸਾਫ਼ ਲਈ ਸੰਸਦ ’ਚ ਆਵਾਜ਼ ਬੁਲੰਦ ਕਰਨਗੇ। ਉਂਜ ਇਹ ਵੀ ਚਰਚਾ ਸੀ ਕਿ ਕਾਂਗਰਸ ਬਲਕੌਰ ਸਿੰਘ ਨੂੰ ਬਠਿੰਡਾ ਤੋਂ ਟਿਕਟ ਦੇਣਾ ਚਾਹੁੰਦੀ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ। ਇਸ ਸਾਲ ਮਾਰਚ ’ਚ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਈਵੀਐੱਫ ਤਕਨੀਕ ਰਾਹੀਂ ਇਕ ਬੱਚੇ ਨੂੰ ਜਨਮ ਦਿੱਤਾ ਹੈ। ਉਸ ਸਮੇਂ ਵੀ ਰੌਲਾ ਪੈ ਗਿਆ ਸੀ ਕਿ ‘ਆਪ’ ਸਰਕਾਰ ਜੋੜੇ ਨੂੰ ਪ੍ਰੇਸ਼ਾਨ ਕਰ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਪੰਜਾਬ ਸਰਕਾਰ ਨੂੰ ਕਿਹਾ ਸੀ ਕਿ ਉਹ ਆਈਵੀਐੱਫ ਇਲਾਜ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰੇ ਕਿਉਂਕਿ ਚਰਨ ਕੌਰ ਦੀ ਵੱਡੀ ਉਮਰ ਹੋਣ ਕਾਰਨ ਉਹ ਏਆਰਟੀ (ਰੈਗੂਲੇਸ਼ਨ) ਐਕਟ, 2021 ਤਹਿਤ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਸੀ।

ad