ਦਰਬਾਰ ਸਾਹਿਬ ਵਿੱਚ ਪੰਜ ਸੌ ਸਾਲ ਪੁਰਾਣੀ ਬੇਰੀਆਂ ਨੂੰ ਅਜੇ ਵੀ ਲੱਗ ਰਹੇ ਨੇ ਬੇਰ

ਦਰਬਾਰ ਸਾਹਿਬ ਵਿੱਚ ਪੰਜ ਸੌ ਸਾਲ ਪੁਰਾਣੀ ਬੇਰੀਆਂ ਨੂੰ ਅਜੇ ਵੀ ਲੱਗ ਰਹੇ ਨੇ ਬੇਰ

ਦਰਬਾਰ ਸਾਹਿਬ ਵਿੱਚ ਪੰਜ ਸੌ ਸਾਲ ਪੁਰਾਣੀ ਬੇਰੀਆਂ ਨੂੰ ਅਜੇ ਵੀ ਲੱਗ ਰਹੇ ਨੇ ਬੇਰ
ਅੰਮ੍ਰਿਤਸਰ-ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਲੱਗੀਆਂ ਪੰਜ ਸੌ ਸਾਲ ਪੁਰਾਣੀਆਂ ਬੇਰੀਆਂ ਨੂੰ ਅੱਜ ਵੀ ਬੇਰ ਲੱਗ ਰਹੇ ਹਨ। ਇਨ੍ਹਾਂ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਮਾਹਿਰਾਂ ਵੱਲੋਂ ਅੱਜ ਇਨ੍ਹਾਂ ਦੀ ਛੰਗਾਈ ਕੀਤੀ ਗਈ। ਪਾਣੀ ਨਾਲ ਧੁਆਈ ਤੋਂ ਬਾਅਦ ਲੋੜ ਅਨੁਸਾਰ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮਾਹਿਰ ਵਿਗਿਆਨੀਆਂ ਵੱਲੋਂ ਹਰ ਸਾਲ ਹੀ ਇੱਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਲੱਗੀਆਂ ਤਿੰਨ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਦੁੱਖ ਭੰਜਣੀ ਬੇਰੀ, ਲਾਚੀ ਬੇਰੀ ਅਤੇ ਬੇਰ ਬਾਬਾ ਬੁੱਢਾ ਸਾਹਿਬ ਸ਼ਾਮਲ ਹਨ। ਇਹ ਪੁਰਾਤਨ ਬੇਰੀਆਂ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਦੀਆਂ ਹਨ, ਜਦੋਂ ਇੱਥੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਮਾਹਿਰ ਵਿਗਿਆਨੀਆਂ ਅਨੁਸਾਰ ਪੁਰਾਤਨ ਬੇਰੀਆਂ ਦੀ ਉਮਰ 500 ਸਾਲ ਤੋਂ ਵੱਧ ਹੈ। ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਪੁੱਜੀ ਟੀਮ ਵਿੱਚ ਸ਼ਾਮਿਲ ਕੀਟ ਵਿਗਿਆਨੀ ਡਾ. ਸੁਖਦੀਪ ਸਿੰਘ ਨੇ ਦੱਸਿਆ ਕਿ ਮਾਹਿਰ ਵਿਗਿਆਨੀਆਂ ਦੀ ਟੀਮ ਵੱਲੋਂ ਸਾਲ ਵਿੱਚ ਪੰਜ ਤੋਂ ਛੇ ਵਾਰ ਇੱਥੇ ਦੌਰਾ ਕੀਤਾ ਜਾਂਦਾ ਹੈ ਅਤੇ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਕਾਰਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੀਆਂ ਟਹਿਣੀਆਂ ਜਿਨ੍ਹਾਂ ’ਤੇ ਧੁੱਪ ਨਹੀਂ ਪੈਂਦੀ ਜਾਂ ਉਹ ਹੇਠਲੇ ਹਿੱਸੇ ਵਿੱਚ ਹਨ, ਉਹ ਸੁੱਕ ਜਾਂਦੀਆਂ ਹਨ। ਉਨ੍ਹਾਂ ਨੂੰ ਕੱਟਣਾ ਜ਼ਰੂਰੀ ਹੁੰਦਾ। ਉਨ੍ਹਾਂ ਦੱਸਿਆ ਕਿ ਮਿੱਟੀ ਤੇ ਧੂੜ ਨਾਲ ਇਨ੍ਹਾਂ ਦੇ ਪੱਤੇ ਅਤੇ ਟਹਿਣੀਆਂ ’ਤੇ ਪ੍ਰਦੂਸ਼ਣ ਇਕੱਠਾ ਹੋ ਜਾਂਦਾ ਹੈ ਜਿਸ ਨੂੰ ਸਾਫ ਕਰਨ ਲਈ ਪਾਣੀ ਦਾ ਛਿੜਕਾਅ ਕੀਤਾ ਗਿਆ। ਇਨ੍ਹਾਂ ਨੂੰ ਕੀਟਾਂ ਤੋਂ ਬਚਾਉਣ ਲਈ ਨਿੰਮ ਅਤੇ ਧਰੇਕ ਤੋਂ ਤਿਆਰ ਕੀਤੀਆਂ ਦਵਾਈਆਂ ਦਾ ਛਿੜਕਾਅ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ 15 -16 ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਸਦਕਾ ਬੇਰੀਆਂ ’ਤੇ ਮੁੜ ਫਲ ਲੱਗਣ ਲੱਗ ਪਿਆ ਹੈ। ਇਸ ਦੌਰਾਨ ਜਦੋਂ ਮਾਹਿਰ ਵਿਗਿਆਨੀਆਂ ਵੱਲੋਂ ਬੇਰੀਆਂ ਦੇ ਪੱਤੇ ਤੇ ਟਹਿਣੀਆਂ ਦੀ ਕਟਾਈ ਕੀਤੀ ਜਾ ਰਹੀ ਸੀ ਅਤੇ ਇਸ ਨਾਲ ਕਈ ਬੇਰ ਵੀ ਹੇਠਾਂ ਡਿੱਗੇ, ਜਿਸ ਨੂੰ ਲੋਕਾਂ ਨੇ ਪ੍ਰਸ਼ਾਦ ਵਜੋਂ ਚੁੱਕ ਲਿਆ ਤੇ ਆਪਣੇ ਨਾਲ ਲੈ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਬਾਗਬਾਨੀ ਮਾਹਿਰਾਂ ਵੱਲੋਂ ਹਰ ਸਾਲ ਹੀ ਇੱਥੇ ਇਨ੍ਹਾਂ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾਂਦੇ ਹਨ।

sant sagar