ਕੈਨੇਡਾ ਵੱਲੋਂ ਐੱਲਐੱਮਆਈਏ ਦੇ 50 ਅੰਕ ਬੰਦ: ਇਮੀਗਰੇਸ਼ਨ ਮੰਤਰੀ

ਸਟੈਂਡਿੰਗ ਕਮੇਟੀ ’ਚ ਵਿਚਾਰਿਆ ਗਿਆ ਸੀ ਮਾਮਲਾ
ਵਿਨੀਪੈਗ,(ਇੰਡੋ ਕਨੇਡੀਅਨ ਟਾਇਮਜ਼)- ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਐਕਸਪ੍ਰੈੱਸ ਐਂਟਰੀ ਵਿੱਚ ਐੱਲਐੱਮਆਈਏ ਆਧਾਰਿਤ ਜੌਬ ਆਫ਼ਰ ਦੇ 50 ਅੰਕ ਬੰਦ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਜਿਨ੍ਹਾਂ ਕਾਮਿਆਂ ਕੋਲ ਐੱਲਐੱਮਆਈਏ ਆਧਾਰਿਤ ਨੌਕਰੀ ਦੀ ਪੇਸ਼ਕਸ਼ ਹੁੰਦੀ ਹੈ, ਉਨ੍ਹਾਂ ਨੂੰ ਬਾਕੀਆਂ ਨਾਲੋਂ 50 ਅੰਕ ਵਧੇਰੇ ਮਿਲਦੇ ਹਨ। ਬਰੈਂਪਟਨ ਸੈਂਟਰ ਤੋਂ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸ਼ਫ਼ਕਤ ਅਲੀ ਨੇ ਹਾਊਸ ਆਫ਼ ਕਾਮਨਜ਼ ਦੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਬਾਰੇ ਸਟੈਂਡਿੰਗ ਕਮੇਟੀ ਦੀ 25 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਅੰਕਾਂ ਦੇ ਮਾਮਲੇ ਨੂੰ ਚੁੱਕਿਆ ਸੀ।
ਕੈਨੇਡਾ ਵਿਚ 16 ਦਸੰਬਰ ਦੇ ਅੰਕੜਿਆਂ ਅਨੁਸਾਰ ਤਕਰੀਬਨ 63 ਹਜ਼ਾਰ ਦੇ ਕਰੀਬ ਅਜਿਹੇ ਬਿਨੈਕਾਰ ਹਨ ਜਿਨ੍ਹਾਂ ਦੇ ਪੁਆਇੰਟ 451 ਤੋਂ 500 ਦੇ ਵਿਚਕਾਰ ਹਨ। ਇਸ ਦੌਰਾਨ ਕੈਨੇਡਾ ਸਰਕਾਰ ਵੱਲੋਂ ਫਲੈਗ ਪੋਲਿੰਗ ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਸਰਕਾਰ ਦੇ ਇਸ ਐਲਾਨ ਨਾਲ ਇਮੀਗਰੇਸ਼ਨ ਅਰਜ਼ੀਆਂ ਉਪਰ ਵੀ ਅਸਰ ਪੈਣ ਦੀ ਸੰਭਾਵਨਾ ਹੈ। ਮੰਤਰੀ ਮਿੱਲਰ ਦਾ ਕਹਿਣਾ ਹੈ ਇਹ ਪ੍ਰਕਿਰਿਆ ਸਰਹੱਦ ਪਾਰ ਆਵਾਜਾਈ ਪ੍ਰਭਾਵਿਤ ਕਰਦੀ ਹੈ।
ਕੈਨੇਡਾ ਵਿੱਚ ਆਏ ਵਿਜ਼ਿਟਰ ਵਰਕ ਪਰਮਿਟ ਲੈਣ ਅਤੇ ਵਰਕ ਪਰਮਿਟ ਹੋਲਡਰ ਵਾਧੇ ਲਈ ਫਲੈਗ ਪੋਲਿੰਗ ਦੀ ਵਰਤੋਂ ਕਰਦੇ ਹਨ। ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐੱਸਏ) ਮੁਤਾਬਕ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟਿਆਂ ਦੇ ਅੰਦਰ ਅੰਦਰ ਇਮੀਗਰੇਸ਼ਨ ਸੇਵਾਵਾਂ ਲਈ ਮੁੜ ਤੋਂ ਕੈਨੇਡਾ ’ਚ ਦਾਖ਼ਲ ਹੁੰਦਾ ਹੈ ਤਾਂ ਇਸ ਤਹਿਤ ਵਿਜ਼ਿਟਰ ਸਰਹੱਦ ’ਤੇ ਫਲੈਗ ਪੋਲਿੰਗ ਵਿਧੀ ਰਾਹੀਂ ਵਰਕ ਪਰਮਿਟ ਦੀ ਅਰਜ਼ੀ ਦੇ ਸਕਦੇ ਹਨ। ਫਲੈਗ ਪੋਲਿੰਗ ਤਹਿਤ ਉਸੇ ਦਿਨ ਹੀ ਵਰਕ ਪਰਮਿਟ ਮਿਲ ਜਾਂਦਾ ਹੈ, ਜਦੋਂ ਕਿ ਆਨਲਾਈਨ ਬਹੁਤ ਸਮਾਂ ਉਡੀਕ ਕਰਨੀ ਪੈਂਦੀ ਸੀ।
ਸਾਰਿਆਂ ਨੂੰ ਮਿਲੇਗਾ ਬਰਾਬਰੀ ਦਾ ਮੌਕਾ
ਬਹੁਤ ਸਾਰੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ 50 ਅੰਕ ਬੰਦ ਹੋਣ ਨਾਲ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇਗਾ ਅਤੇ ਐਕਸਪ੍ਰੈੱਸ ਐਂਟਰੀ ਵਿੱਚ ਸਕੋਰ ਹੇਠਾਂ ਵੱਲ ਆਉਣਗੇ। ਐਕਸਪ੍ਰੈੱਸ ਐਂਟਰੀ ਇਕ ਅਜਿਹਾ ਪ੍ਰੋਗਰਾਮ ਹੈ ਜਿਸ ਰਾਹੀਂ ਹੁਨਰਮੰਦ ਵਿਅਕਤੀ ਸਿੱਧੇ ਤੌਰ ’ਤੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰ ਸਕਦੇ ਹਨ। ਇਸ ਵਿੱਚ ਬਿਨੈਕਾਰਾਂ ਨੂੰ ਉਮਰ, ਪੜ੍ਹਾਈ, ਤਜਰਬੇ ਅਤੇ ਭਾਸ਼ਾ ਦੀ ਮੁਹਾਰਤ ਆਦਿ ਦੇ ਨੰਬਰ ਮਿਲਦੇ ਹਨ। ਕੈਨੇਡਾ ਵਿੱਚ ਪੜ੍ਹਾਈ ਕਰ ਚੁੱਕੇ ਵਿਦਿਆਰਥੀ ਅਤੇ ਕੱਚੇ ਕਾਮੇ ਵੀ ਇਸ ਪ੍ਰੋਗਰਾਮ ਤਹਿਤ ਪੀਆਰ ਲੈ ਸਕਦੇ ਹਨ। ਇਮੀਗਰੇਸ਼ਨ ਮਾਹਿਰਾਂ ਵੱਲੋਂ ਇਸ ਨੂੰ ਇਕ ਵਧੀਆ ਕਦਮ ਕਰਾਰ ਦਿੱਤਾ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ, ਅਸਥਾਈ ਵਿਦੇਸ਼ੀ ਕਾਮਿਆਂ ਅਤੇ ਪਨਾਹ ਮੰਗਣ ਵਾਲਿਆਂ ਦੀ ਗਿਣਤੀ 2021 ਵਿੱਚ 13 ਲੱਖ ਤੋਂ ਵਧ ਕੇ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਲਗਭਗ 28 ਲੱਖ ਹੋ ਗਈ ਹੈ।