ਜੰਗ ਦੌਰਾਨ ਇਜ਼ਰਾਈਲੀ ਫੌਜ ਨੂੰ ਏਆਈ ਸੇਵਾਵਾਂ ਦਿੱਤੀਆਂ: ਮਾਈਕ੍ਰੋਸਾਫਟ
ਕੰਪਨੀ ਨੇ ਕਿਹਾ ਇਜ਼ਰਾਈ ਫੌਜ ਨੇ ਏਆਈ ਨਿਯਮਾਂ ਦੀਆਂ ਸ਼ਰਤਾ ਤੋੜਨ ਬਾਰੇ ਕੋਈ ਸਬੂਤ ਨਹੀਂ ਮਿਲਿਆ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਤਕਨਾਲੋਜੀ ਖੇਤਰ ਦੀ ਵਿਸ਼ਾਲ ਕੰਪਨੀ ‘ਮਾਈਕ੍ਰੋਸਾਫਟ’ ਨੇ ਸਵੀਕਾਰ ਕੀਤੇ ਹੈ ਕਿ ਉਸ ਨੇ ਗਾਜ਼ਾ ਵਿਚ ਚੱਲ ਰਹੀ ਜੰਗ ਦੌਰਾਨ ਇਜ਼ਰਾਈਲੀ ਫੌਜ ਨੂੰ ਉੱਨਤ ਮਨਸੁਈ ਬੁੱਧੀ (ਏਆਈ) ਅਤੇ ‘ਕਲਾਊਡ ਕੰਪਿਊਟਿੰਗ’ ਸੇਵਾਵਾਂ ਵੇਚੀਆਂ ਹਨ। ਇਹ ਸੇਵਾਵਾਂ ਇਜ਼ਰਾਈਲੀ ਬੰਧਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਸਹਾਇਕ ਸਾਬਤ ਹੋਈਆਂ। ਹਾਲਾਂਕਿ, ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਅਜੇ ਤੱਕ ਕੋਈ ਅਜਿਹਾ ਸਬੂਤ ਨਹੀਂ ਮਿਲਿਆ ਕਿ ਉਸਦੇ ‘ਐਜ਼ਿਊਰ’ ਪਲੇਟਫਾਰਮ ਜਾਂ ਏਆਈ ਤਕਨੀਕਾਂ ਦੀ ਵਰਤੋਂ ਗਾਜ਼ਾ ਵਿਚ ਲੋਕਾਂ ਨੂੰ ਨਿਸ਼ਾਨਾ ਬਣਾਉਣ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਗਈ ਹੋਵੇ।
ਇਹ ਮਾਈਕ੍ਰੋਸਾਫਟ ਦੀ ਕਾਰਪੋਰੇਟ ਵੈੱਬਸਾਈਟ ’ਤੇ ਪ੍ਰਕਾਸ਼ਿਤ ਇਕ ‘ਬਲੌਗ ਪੋਸਟ’ ਰਾਹੀਂ ਸਵੀਕਾਰ ਕੀਤਾ ਗਿਆ ਹੈ। ਹਾਲਾਂਕਿ ਇਸ ਪੋਸਟ ਹੇਠਾਂ ਕਿਸੇ ਵਿਅਕਤੀ ਦੇ ਹਸਤਾਖ਼ਰ ਨਹੀਂ ਹਨ, ਪਰ ਲੱਗਦਾ ਹੈ ਕਿ ਇਹ ਜੰਗ ਵਿੱਚ ਕੰਪਨੀ ਦੀ ਭਾਗੀਦਾਰੀ ਦੀ ਪਹਿਲੀ ਸਰਵਜਨਿਕ ਪੁਸ਼ਟੀ ਹੈ।
‘ਐਸੋਸੀਏਟਡ ਪ੍ਰੈਸ’ (ਏਪੀ) ਵੱਲੋਂ ਤਿੰਨ ਮਹੀਨੇ ਪਹਿਲਾਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਅਮਰੀਕੀ ਕੰਪਨੀ ‘ਮਾਈਕ੍ਰੋਸਾਫਟ’ ਦੀ ਇਜ਼ਰਾਈਲੀ ਰੱਖਿਆ ਮੰਤਰਾਲੇ ਨਾਲ ਗੂੜ੍ਹੀ ਸਾਂਝ ਹੈ ਅਤੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਤੋਂ ਬਾਅਦ ਵਪਾਰਕ ਏਆਈ ਉਤਪਾਦਾਂ ਦੀ ਫੌਜੀ ਵਰਤੋਂ ਲਗਭਗ 200 ਗੁਣਾ ਵਧ ਗਈ ਸੀ।
ਏਪੀ ਨੇ ਦੱਸਿਆ ਸੀ ਕਿ ਇਜ਼ਰਾਈਲੀ ਫੌਜ ਉੱਚ ਪੱਧਰੀ ਨਿਗਰਾਨੀ ਰਾਹੀਂ ਇਕੱਠੀ ਕੀਤੀ ਗਈ ਖੁਫੀਆ ਜਾਣਕਾਰੀ ਨੂੰ ਲਿਖਣ ਅਤੇ ਅਨੁਵਾਦ ਕਰਨ ਲਈ ‘ਐਜ਼ਿਊਰ’ ਦੀ ਵਰਤੋਂ ਕਰਦੀ ਹੈ। ਇਹ ਭਾਗੀਦਾਰੀ ਇਜ਼ਰਾਈਲ, ਯੂਕਰੇਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਵਿੱਚ ਫੌਜਾਂ ਨੂੰ ਮਨਸੁਈ ਬੁੱਧੀ (AI) ਉਤਪਾਦ ਵੇਚਣ ਲਈ ਤਕਨਾਲੋਜੀ ਕੰਪਨੀਆਂ ਦੇ ਵਧ ਰਹੇ ਯਤਨਾਂ ਨੂੰ ਦਰਸਾਉਂਦੀ ਹੈ।
ਉਧਰ ਮਨੁੱਖੀ ਅਧਿਕਾਰ ਗਰੁੱਪਾਂ ਨੇ ਚਿੰਤਾ ਜਤਾਈ ਹੈ ਕਿ ਏਆਈ ਸਿਸਟਮ ਗਲਤ ਹੋ ਸਕਦੇ ਹਨ ਪਰ ਇਨ੍ਹਾਂ ਦੀ ਵਰਤੋਂ ਇਹ ਫੈਸਲਾ ਕਰਨ ਲਈ ਕੀਤੀ ਜਾ ਰਹੀ ਹੈ ਕਿ ਕਿਸ ਨੂੰ ਜਾਂ ਕਿਸ ਚੀਜ਼ ਨੂੰ ਨਿਸ਼ਾਨਾ ਬਣਾਇਆ ਜਾਵੇ, ਜਿਸ ਕਰਕੇ ਬੇਕਸੂਰ ਲੋਕਾਂ ਦੀ ਮੌਤ ਹੋ ਰਹੀ ਹੈ।
ਮਾਈਕ੍ਰੋਸਾਫਟ ਨੇ ਵੀਰਵਾਰ ਨੂੰ ਕਿਹਾ ਕਿ ਕਰਮਚਾਰੀਆਂ ਦੀ ਚਿੰਤਾ ਅਤੇ ਕਈ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਕੰਪਨੀ ਨੇ ਅੰਦਰੂਨੀ ਸਮੀਖਿਆ ਸ਼ੁਰੂ ਕੀਤੀ ਹੈ ਅਤੇ ਹੋਰ ਜਾਂਚ ਲਈ ਇਕ ਬਾਹਰੀ ਕੰਪਨੀ ਨੂੰ ਨਿਯੁਕਤ ਕੀਤਾ ਹੈ। ਪਰ ਕੰਪਨੀ ਵੱਲੋਂ ਬਿਆਨ ਵਿਚ ਉਸ ਬਾਹਰੀ ਕੰਪਨੀ ਦਾ ਨਾਮ ਨਹੀਂ ਦੱਸਿਆ ਗਿਆ ਅਤੇ ਨਾ ਹੀ ਰਿਪੋਰਟ ਦੀ ਕੋਈ ਕਾਪੀ ਦਿੱਤੀ ਗਈ ਹੈ।
ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਕਿ ਉਸ ਨੇ ਇਜ਼ਰਾਈਲੀ ਫੌਜ ਨੂੰ ਸਾਫਟਵੇਅਰ, ਪੇਸ਼ਾਵਰ ਸੇਵਾਵਾਂ, ‘ਐਜ਼ਿਊਰ ਕਲਾਊਡ ਸਟੋਰੇਜ’ ਅਤੇ ਭਾਸ਼ਾ ਅਨੁਵਾਦ ਸਮੇਤ ‘ਐਜ਼ਿਊਰ’ ਏਆਈ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਇਜ਼ਰਾਈਲ ਦੀ ਸਰਕਾਰ ਨਾਲ ਮਿਲ ਕੇ ਬਾਹਰੀ ਖਤਰਿਆਂ ਤੋਂ ‘ਸਾਈਬਰਸਪੇਸ’ ਦੀ ਰੱਖਿਆ ਕਰਨ ਲਈ ਕੰਮ ਕੀਤਾ।
ਮਾਈਕ੍ਰੋਸਾਫਟ ਨੇ ਕਿਹਾ ਕਿ 7 ਅਕਤੂਬਰ 2023 ਨੂੰ ਹਮਾਸ ਵੱਲੋਂ ਬੰਧਕ ਬਣਾਏ ਗਏ 250 ਤੋਂ ਵੱਧ ਲੋਕਾਂ ਨੂੰ ਬਚਾਉਣ ਦੇ ਯਤਨ ਦੇ ਤਹਿਤ ਉਸ ਨੇ ਇਜ਼ਰਾਈਲ ਨੂੰ ਵਪਾਰਕ ਸਮਝੌਤਿਆਂ ਦੀਆਂ ਸ਼ਰਤਾਂ ਤੋਂ ਉਪਰ ਤਕਨੀਕ ਤੱਕ ਵਿਸ਼ੇਸ਼ ਪਹੁੰਚ ਅਤੇ ਸੀਮਿਤ ਐਮਰਜੈਂਸੀ ਸਹਾਇਤਾ ਵੀ ਦਿੱਤੀਆਂ।
ਕੰਪਨੀ ਨੇ ਕਿਹਾ, ‘‘ਸਾਡਾ ਵਿਸ਼ਵਾਸ ਹੈ ਕਿ ਕੰਪਨੀ ਨੇ ਆਪਣੇ ਸਿਧਾਂਤਾਂ ਦੀ ਸਾਵਧਾਨੀ ਅਤੇ ਸੋਚ-ਵਿਚਾਰ ਨਾਲ ਪਾਲਣਾ ਕੀਤੀ, ਤਾਂ ਜੋ ਬੰਧਕਾਂ ਦੀ ਜਿੰਦਗੀ ਬਚਾਈ ਜਾ ਸਕੇ ਅਤੇ ਨਾਲ ਹੀ ਗਾਜ਼ਾ ਵਿਚ ਆਮ ਨਾਗਰਿਕਾਂ ਦੀ ਨਿੱਜਤਾ ਅਤੇ ਹੋਰ ਅਧਿਕਾਰਾਂ ਦਾ ਆਦਰ ਵੀ ਕੀਤਾ ਜਾ ਸਕੇ।’’
ਜ਼ਿਕਰਯੋਗ ਹੈ ਕਿ ਮਾਈਕ੍ਰੋਸਾਫਟ ਤੋਂ ਇਲਾਵਾ, ਇਜ਼ਰਾਈਲੀ ਫੌਜ ਨੇ ਗੂਗਲ, ਐਮੇਜ਼ਾਨ, ਪੈਲੈਂਟੀਅਰ ਅਤੇ ਹੋਰ ਕਈ ਪ੍ਰਮੁੱਖ ਅਮਰੀਕੀ ਟੈਕਨੋਲੋਜੀ ਕੰਪਨੀਆਂ ਨਾਲ ਕਲਾਊਡ ਜਾਂ ਏਆਈ ਸੇਵਾਵਾਂ ਲਈ ਵਿਸ਼ਾਲ ਸਮਝੌਤੇ ਕੀਤੇ ਹਨ।
ਮਾਈਕ੍ਰੋਸਾਫਟ ਨੇ ਕਿਹਾ ਕਿ ਇਜ਼ਰਾਈਲੀ ਫੌਜ ਹੋਰ ਗ੍ਰਾਹਕਾਂ ਵਾਂਗ ਕੰਪਨੀ ਦੀ ਮਨਜ਼ੂਰਸ਼ੁਦਾ ਵਰਤੋਂ ਨੀਤੀ ਅਤੇ ਏਆਈ ਨਿਯਮਾਂ ਦੀ ਪਾਲਣਾ ਕਰਨ ਲਈ ਬੱਝੀ ਹੋਈ ਹੈ, ਜੋ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਲੀ ਉਤਪਾਦ ਵਰਤੋਂ ਨੂੰ ਕਾਨੂੰਨੀ ਤੌਰ ’ਤੇ ਮਨਾਹੀ ਕਰਦੀ ਹੈ। ਕੰਪਨੀ ਨੇ ਕਿਹਾ ਇਹ ਵੀ ਕਿਹਾ ਹੈ ਕਿ ਉਸਨੂੰ ਕੋਈ ਸਬੂਤ ਨਹੀਂ ਮਿਲਿਆ ਕਿ ਇਜ਼ਰਾਈਲੀ ਫੌਜ ਨੇ ਇਹ ਸ਼ਰਤਾਂ ਤੋੜੀਆਂ ਹਨ।
.jpg)

.jpg)


.jpg)
.jpg)
.jpg)
.jpg)


.jpg)

.jpg)



.jpg)
.jpg)