ਅਮਰੀਕੀ ਪ੍ਰਸ਼ਾਸਨ ਦੇ ਨਵੇਂ ਟੈਕਸ ਲਾਗੂ, ਚੀਨ ’ਤੇ ਲਾਇਆ 104% ਟੈਕਸ ਵੀ ਅਮਲ ਵਿਚ ਆਇਆ

ਅਮਰੀਕੀ ਪ੍ਰਸ਼ਾਸਨ ਦੇ ਨਵੇਂ ਟੈਕਸ ਲਾਗੂ, ਚੀਨ ’ਤੇ ਲਾਇਆ 104% ਟੈਕਸ ਵੀ ਅਮਲ ਵਿਚ ਆਇਆ

ਟਰੰਪ ਵੱਲੋਂ ਛੇੜੀ ਵਪਾਰਕ ਜੰਗ ਹੋਰ ਡੂੰਘੀ ਹੋਣ ਦੇ ਆਸਾਰ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਰਜਨਾਂ ਮੁਲਕਾਂ ’ਤੇ ਲਾਇਆ ‘ਜਵਾਬੀ’ ਟੈਕਸ ਬੁੱਧਵਾਰ ਤੋਂ ਅਮਲ ਵਿਚ ਆ ਜਾਵੇਗਾ। ਇਸ ਵਿਚ ਚੀਨੀ ਵਸਤਾਂ ’ਤੇ ਲਾਇਆ 104 ਫੀਸਦ ਟੈਕਸ ਵੀ ਸ਼ਾਮਲ ਹੈ, ਜਿਸ ਨਾਲ ਟਰੰਪ ਵੱਲੋਂ ਛੇੜੀ ਆਲਮੀ ਵਪਾਰਕ ਜੰਗ ਹੋਰ ਡੂੰਘੀ ਹੋਣ ਦੇ ਆਸਾਰ ਹਨ। ਅਮਰੀਕੀ ਸਦਰ ਨੇ ਹਾਲਾਂਕਿ ਕੁਝ ਦੇਸ਼ਾਂ ਨਾਲ ਗੱਲਬਾਤ ਦੀ ਤਿਆਰੀ ਕਰ ਲਈ ਹੈ। ਟਰੰਪ ਦੇ ਜਵਾਬੀ ਟੈਕਸਾਂ ਨੇ ਦਹਾਕਿਆਂ ਤੋਂ ਚੱਲ ਰਹੀ ਵਿਸ਼ਵਵਿਆਪੀ ਵਪਾਰਕ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਨਾਲ ਨਾ ਸਿਰਫ਼ ਮੰਦੀ ਦਾ ਡਰ ਵਧਿਆ ਹੈ ਬਲਕਿ ਆਲਮੀ ਪੱਧਰ ’ਤੇੇ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਦੀਆਂ ਨਵੀਆਂ ਟੈਕਸ ਦਰਾਂ ਬੁੱਧਵਾਰ ਅੱਧੀ ਰਾਤ ਤੋਂ ਅਮਲ ਵਿਚ ਆ ਗਈਆਂ ਹਨ। ਟਰੰਪ ਨੇ 2 ਅਪਰੈਲ ਨੂੰ ਟੈਕਸਾਂ ਦੇ ਨਵੇਂ ਦੌਰ ਦਾ ਐਲਾਨ ਕੀਤਾ ਸੀ। ਟਰੰਪ ਨੇ ਉਦੋਂ ਕਿਹਾ ਸੀ ਕਿ ਅਮਰੀਕਾ ਹੁਣ ਆਪਣੇ ਸਾਰੇ ਵਪਾਰਕ ਭਾਈਵਾਲਾਂ ’ਤੇ ਘੱਟੋ ਘੱਟ 10 ਫੀਸਦ ਟੈਕਸ ਲਗਾਏਗਾ। ਸ਼ਨਿੱਚਰਵਾਰ ਤੋਂ 10 ਫੀਸਦ ਦੀ ਮੂਲ ਦਰਾਂ ਲਾਗੂ ਹੋ ਗਈਆਂ ਸਨ। ਇਸ ਮਗਰੋਂ ਕਈ ਦੇਸ਼ਾਂ ਤੇ ਖੇਤਰਾਂ ਉੱਤੇ ਅਮਰੀਕਾ ਦੀ ਉੱਚ ਦਰਾਮਦ ਟੈਕਸ ਦਰਾਂ ਅੱਧੀ ਰਾਤ ਤੋਂ ਲਾਗੂ ਹੋ ਗਈਆਂ।

ਸਭ ਤੋਂ ਵੱਧ 50 ਫੀਸਦ ਟੈਕਸ ਉਨ੍ਹਾਂ ਛੋਟੇ ਅਰਥਚਾਰਿਆਂ ਉੱਤੇ ਲਾਗੂ ਹੁੰਦਾ ਹੈ, ਜੋ ਅਮਰੀਕਾ ਨਾਲ ਬਹੁਤ ਘੱਟ ਵਪਾਰ ਕਰਦੇ ਹਨ। ਇਸ ਵਿਚ ਅਫ਼ਰੀਕੀ ਸ਼ਹਿਰ ਲੇਸੋਥੋ ਵੀ ਸ਼ਾਮਲ ਹੈ। ਉਧਰ ਮੈਡਾਗਾਸਕਰ ਤੋਂ ਦਰਾਮਦ ਉੱਤੇ 47 ਫੀਸਦ, ਵੀਅਤਨਾਮ ਉੱਤੇ 46 ਫੀਸਦ, ਤਾਇਵਾਨ 32 ਫੀਸਦ, ਦੱਖਣੀ ਕੋਰੀਆ 25 ਫੀਸਦ, ਜਾਪਾਨ 24 ਫੀਸਦ ਤੇ ਯੂਰੋਪੀ ਸੰਘ ’ਤੇ 20 ਫੀਸਦ ਟੈਕਸ ਦਰ ਸ਼ਾਮਲ ਹੈ। ਇਨ੍ਹਾਂ ਵਿਚੋਂ ਕੁਝ ਨਵੇਂ ਟੈਕਸ ਵਪਾਰਕ ਉਪਾਆਂ ’ਤੇ ਅਧਾਰਿਤ ਹਨ। ਮਿਸਾਲ ਵਜੋਂ ਟਰੰਪ ਨੇ ਪਿਛਲੇ ਹਫ਼ਤੇ ਚੀਨੀ ਦਰਾਮਦਾਂ ’ਤੇ 34 ਫੀਸਦ ਟੈਕਸ ਲਾਉਣ ਦਾ ਐਲਾਨ ਕੀਤਾ ਸੀ, ਜੋ ਇਸ ਸਾਲ ਦੀ ਸ਼ੁਰੂਆਤ ਵਿਚ ਦੇਸ਼ ਉੱਤੇ ਲਗਾਏ ਗਏ 20 ਫੀਸਦ ਟੈਕਸ ਤੋਂ ਵਾਧੂ ਹੋਵੇਗਾ। ਟਰੰਪ ਪ੍ਰਸ਼ਾਸਨ ਨੇ ਚੀਨ ਦੇ ਪਲਟਵਾਰ ਮਗਰੋਂ ਚੀਨੀ ਵਸਤਾਂ ’ਤੇ 50 ਫੀਸਦ ਟੈਕਸ ਲਗਾਉਣ ਦੀ ਧਮਕੀ ਦਿੱਤੀ ਹੈ। ਅਜਿਹੀ ਸਥਿਤੀ ਵਿਚ ਚੀਨ ’ਤੇ ਕੁਲ ਮਿਲਾ ਕੇ 104 ਫੀਸਦ ਟੈਕਸ ਲੱਗੇਗਾ।

ਮੰਗਲਵਾਰ ਨੂੰ ਕਰੀਬ ਇੱਕ ਸਾਲ ਵਿੱਚ ਪਹਿਲੀ ਵਾਰ S&P 5,000 ਤੋਂ ਹੇਠਾਂ ਬੰਦ ਹੋਇਆ। LSEG ਡੇਟਾ ਅਨੁਸਾਰ, ਟਰੰਪ ਵੱਲੋਂ ਪਿਛਲੇ ਹਫ਼ਤੇ ਜਵਾਬੀ ਟੈਕਸਾਂ ਦਾ ਐਲਾਨ ਕੀਤੇ ਜਾਣ ਮਗਰੋਂ S&P 500 ਕੰਪਨੀਆਂ ਨੇ ਸਟਾਕ ਮਾਰਕੀਟ ਮੁੱਲ ਵਿੱਚ $5.8 ਖਰਬ ਦਾ ਨੁਕਸਾਨ ਕੀਤਾ ਹੈ, ਜੋ ਕਿ 1950 ਦੇ ਦਹਾਕੇ ਵਿੱਚ ਬੈਂਚਮਾਰਕ ਦੀ ਸਿਰਜਣਾ ਤੋਂ ਬਾਅਦ ਸਭ ਤੋਂ ਵੱਡਾ ਚਾਰ ਦਿਨਾਂ ਦਾ ਘਾਟਾ ਹੈ। ਬੁੱਧਵਾਰ ਨੂੰ ਏਸ਼ਿਆਈ ਬਾਜ਼ਾਰਾਂ ਵਿੱਚ ਥੋੜ੍ਹੀ ਜਿਹੀ ਰਾਹਤ ਤੋਂ ਬਾਅਦ ਵਿਕਰੀ ਮੁੜ ਸ਼ੁਰੂ ਹੋ ਗਈ, ਜਾਪਾਨ ਦਾ ਨਿੱਕੀ 3% ਤੋਂ ਵੱਧ ਡਿੱਗ ਗਿਆ ਅਤੇ ਦੱਖਣੀ ਕੋਰੀਆ ਦੀ ਵੌਨ ਕਰੰਸੀ 16 ਸਾਲਾਂ ਦੇ ਹੇਠਲੇ ਪੱਧਰ ’ਤੇ ਆ ਗਈ।

ਕਾਬਿਲੇਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਚੇਤਾਵਨੀ ਤੋਂ ਇੱਕ ਦਿਨ ਬਾਅਦ, ਵ੍ਹਾਈਟ ਹਾਊਸ ਨੇ ਚੀਨ ’ਤੇ 104% ਟੈਕਸ ਲਗਾਉਣ ਦਾ ਐਲਾਨ ਕੀਤਾ ਸੀ। ਇਸ ਖ਼ਬਰ ਤੋਂ ਬਾਅਦ ਅਮਰੀਕੀ ਸਟਾਕ ਡਿੱਗ ਗਏ। ਆਲਮੀ ਬਾਜ਼ਾਰਾਂ ਵਿੱਚ ਪਹਿਲਾਂ ਇਸ ਉਮੀਦ ਨਾਲ ਤੇਜ਼ੀ ਆਈ ਸੀ ਕਿ ਟਰੰਪ ਗੱਲਬਾਤ ਲਈ ਤਿਆਰ ਹੋ ਸਕਦੇ ਹਨ।

ਫੌਕਸ ਬਿਜ਼ਨਸ ਦੀ ਰਿਪੋਰਟ ਮੁਤਾਬਕ ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਿਹਾ ਹੈ ਕਿ ਚੀਨ ਨੇ ਆਪਣੀ ਜਵਾਬੀ ਕਾਰਵਾਈ ਵਾਪਸ ਨਹੀਂ ਲਈ ਹੈ। ਇਸ ਕਾਰਨ, 104% ਦਾ ਵਾਧੂ ਟੈਕਸ ਲਗਾਇਆ ਜਾਵੇਗਾ। ਇਹ ਵਾਧੂ ਟੈਕਸ 9 ਅਪਰੈਲ ਤੋਂ ਅਮਲ ਵਿਚ ਆ ਜਾਵੇਗਾ। ਦੂਜੇ ਪਾਸੇ, ਚੀਨ ਨੇ ਇਸ ਕਦਮ ਅੱਗੇ ਝੁਕਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਮਰੀਕਾ ਉਸ ਨੂੰ ‘ਬਲੈਕਮੇਲ’ ਕਰ ਰਿਹਾ ਹੈ। ਚੀਨ ਨੇ ਅਮਰੀਕਾ ਦੀ ਇਸ ਧੱਕੇਸ਼ਾਹੀ ਖਿਲਾਫ਼ ‘ਅਖੀਰ ਤੱਕ ਲੜਨ’ ਦੀ ਸਹੁੰ ਖਾਧੀ ਹੈ।

ad