ਟਰੰਪ ਨੇ ਹੁਣ ਵਾਹਨਾਂ ਦੀ ਦਰਾਮਦ ’ਤੇ 25 ਫ਼ੀਸਦ ਟੈਕਸ ਲਾਇਆ

ਟੈਕਸਾਂ ਤੋਂ 100 ਅਰਬ ਡਾਲਰ ਮਾਲੀਆ ਮਿਲਣ ਦੀ ਆਸ; ਘਰੇਲੂ ਮੈਨੂਫੈਕਚਰਿੰਗ ਨੂੰ ਮਿਲ ਸਕਦੀ ਹੈ ਹੱਲਾਸ਼ੇਰੀ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਰਾਮਦ ਹੋਣ ਵਾਲੇ ਵਾਹਨਾਂ ’ਤੇ 25 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਦਾ ਦਾਅਵਾ ਹੈ ਕਿ ਇਸ ਕਦਮ ਨਾਲ ਘਰੇਲੂ ਮੈਨੂਫੈਕਚਰਿੰਗ ਨੂੰ ਹੱਲਾਸ਼ੇਰੀ ਮਿਲੇਗੀ ਪਰ ਆਲਮੀ ਸਪਲਾਈ ਚੇਨਾਂ ’ਤੇ ਨਿਰਭਰ ਵਾਹਨ ਨਿਰਮਾਤਾਵਾਂ ’ਤੇ ਵਿੱਤੀ ਦਬਾਅ ਪੈ ਸਕਦਾ ਹੈ। ਰਾਸ਼ਟਰਪਤੀ ਨੇ ਹੁਕਮਾਂ ’ਤੇ ਦਸਤਖ਼ਤ ਕਰਦਿਆਂ ਕਿਹਾ ਕਿ ਵਾਹਨਾਂ ’ਤੇ ਟੈਕਸ ਤਿੰਨ ਅਪਰੈਲ ਤੋਂ ਵਸੂਲਿਆ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇਸ ਨਾਲ ਵਿਕਾਸ ਦਰ ਵਧੇਗੀ। ਅਸੀਂ ਅਸਰਦਾਰ ਢੰਗ ਨਾਲ 25 ਫ਼ੀਸਦ ਟੈਕਸ ਲਾਵਾਂਗੇ।’’ ਵ੍ਹਾਈਟ ਹਾਊਸ ਨੂੰ ਆਸ ਹੈ ਕਿ ਦਰਾਮਦ ਹੋਣ ਵਾਲੇ ਵਾਹਨਾਂ ’ਤੇ ਟੈਕਸਾਂ ਨਾਲ ਸਾਲਾਨਾ 100 ਅਰਬ ਡਾਲਰ ਦਾ ਮਾਲੀਆ ਮਿਲੇਗਾ। ਉਂਜ ਇਹ ਸੁਖਾਲਾ ਨਹੀਂ ਹੋਵੇਗਾ ਕਿਉਂਕਿ ਅਮਰੀਕੀ ਵਾਹਨ ਨਿਰਮਾਤਾ ਵੀ ਕਈ ਕਲਪੁਰਜ਼ੇ ਅਤੇ ਹੋਰ ਸਾਜ਼ੋ-ਸਾਮਾਨ ਦੁਨੀਆ ਭਰ ਤੋਂ ਖ਼ਰੀਦਦੇ ਹਨ। ਅਪਰੈਲ ਤੋਂ ਟੈਕਸਾਂ ’ਚ ਵਾਧੇ ਦਾ ਮਤਲਬ ਹੈ ਕਿ ਵਾਹਨ ਨਿਰਮਾਤਾਵਾਂ ਨੂੰ ਵਧੇਰੇ ਲਾਗਤ ਅਤੇ ਘੱਟ ਵਿਕਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਜ ਟਰੰਪ ਨੇ ਦਲੀਲ ਦਿੱਤੀ ਹੈ ਕਿ ਟੈਕਸ ਕਾਰਨ ਅਮਰੀਕਾ ’ਚ ਹੋਰ ਵਧ ਫੈਕਟਰੀਆਂ ਖੁੱਲ੍ਹਣਗੀਆਂ ਅਤੇ ਉਹ ‘ਬੇਕਾਰ’ ਸਪਲਾਈ ਚੇਨਾਂ ਖ਼ਤਮ ਹੋ ਜਾਣਗੀਆਂ ਜਿਨ੍ਹਾਂ ਰਾਹੀਂ ਅਮਰੀਕਾ, ਕੈਨੇਡਾ ਅਤੇ ਮੈਕਸਿਕੋ ’ਚ ਕਲਪੁਰਜ਼ਿਆਂ ਅਤੇ ਵਾਹਨਾਂ ਦਾ ਨਿਰਮਾਣ ਕੀਤਾ ਜਾਂਦਾ ਹੈ।
ਇਸ ਦੌਰਾਨ ਆਲਮੀ ਆਗੂਆਂ ਨੇ ਟੈਕਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਰੰਪ ਵਪਾਰਕ ਜੰਗ ਤੇਜ਼ ਕਰ ਸਕਦੇ ਹਨ ਜਿਸ ਨਾਲ ਦੁਨੀਆ ਨੂੰ ਨੁਕਸਾਨ ਹੋਵੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਸਿੱਧਾ ਹਮਲਾ ਹੈ। ਅਸੀਂ ਆਪਣੇ ਮੁਲਾਜ਼ਮਾਂ ਅਤੇ ਕੰਪਨੀਆਂ ਦੀ ਰੱਖਿਆ ਕਰਾਂਗੇ। ਅਸੀਂ ਆਪਣੇ ਮੁਲਕ ਦੀ ਰੱਖਿਆ ਕਰਾਂਗੇ।’’ ਕਾਰਨੇ ਨੇ ਇਸ ਕਦਮ ਨੂੰ ਗਲਤ ਠਹਿਰਾਉਂਦਿਆਂ ਕਿਹਾ ਕਿ ਉਹ ਓਟਵਾ ’ਚ ਅਮਰੀਕੀ ਸਬੰਧਾਂ ਬਾਰੇ ਮੰਤਰੀ ਮੰਡਲ ਦੀ ਵਿਸ਼ੇਸ਼ ਕਮੇਟੀ ਦੀ ਮੀਟਿੰਗ ’ਚ ਇਸ ਬਾਰੇ ਚਰਚਾ ਕਰਨਗੇ। ਉਧਰ ਬ੍ਰਸੱਲਜ਼ ’ਚ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨੇ ਅਮਰੀਕੀ ਫ਼ੈਸਲੇ ’ਤੇ ਅਫ਼ਸੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਯੂਰਪੀ ਕਮਿਸ਼ਨ ਖਪਤਕਾਰਾਂ ਅਤੇ ਕਾਰੋਬਾਰੀਆਂ ਦੀ ਰੱਖਿਆ ਕਰੇਗਾ।
ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ’ਤੇ ਪੈ ਸਕਦੈ ਅਸਰ
ਨਵੀਂ ਦਿੱਲੀ: ਵਾਹਨਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ’ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਕਸ ਲਗਾਉਣ ਦੇ ਐਲਾਨ ਨਾਲ ਭਾਰਤੀ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ’ਤੇ ਜ਼ਿਆਦਾ ਅਸਰ ਪੈ ਸਕਦਾ ਹੈ। ਸਨਅਤ ਨਾਲ ਜੁੜੇ ਇਕ ਅਧਿਕਾਰੀ ਨੇ ’ਤੇ ਕਿਹਾ, ‘‘ਅਮਰੀਕੀ ਟੈਕਸ ਨਾਲ ਭਾਰਤੀ ਮੋਟਰ ਵਾਹਨ ਪੁਰਜ਼ਾ ਸਨਅਤ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਥੋਂ ਅਮਰੀਕਾ ਨੂੰ ਵਧੇਰੇ ਬਰਾਮਦ ਹੁੰਦੀ ਹੈ। ਭਾਰਤੀ ਵਾਹਨ ਨਿਰਮਾਤਾਵਾਂ ’ਤੇ ਇਸ ਦਾ ਅਸਰ ਘੱਟ ਪੈਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ਤੋਂ ਅਮਰੀਕਾ ਨੂੰ ਪੂਰੀ ਤਰ੍ਹਾਂ ਮੈਨੂਫੈਕਚਰ ਵਾਹਨਾਂ ਦੀ ਕੋਈ ਸਿੱਧੀ ਬਰਾਮਦ ਨਹੀਂ ਹੁੰਦੀ ਹੈ।’’ ਸਨਅਤ ਦੇ ਅੰਦਾਜ਼ੇ ਮੁਤਾਬਕ ਵਿੱਤੀ ਵਰ੍ਹੇ 2023-24 ’ਚ ਭਾਰਤ ਦੀ ਅਮਰੀਕਾ ਨੂੰ ਮੋਟਰ ਵਾਹਨਾਂ ਦੇ ਪੁਰਜ਼ਿਆਂ ਆਦਿ ਦੀ ਬਰਾਮਦ 6.79 ਅਰਬ ਡਾਲਰ ਸੀ ਜਦਕਿ ਅਮਰੀਕਾ ਤੋਂ ਦੇਸ਼ ਦੀ ਦਰਾਮਦ 15 ਫ਼ੀਸਦ ਟੈਕਸ ’ਤੇ 1.4 ਅਰਬ ਡਾਲਰ ਸੀ। ਟਰੰਪ ਵੱਲੋਂ ਬੁੱਧਵਾਰ ਨੂੰ ਕੀਤੇ ਐਲਾਨ ਤੋਂ ਪਹਿਲਾਂ ਅਮਰੀਕੀ ਪੁਰਜ਼ਿਆਂ ਦੀ ਦਰਾਮਦ ’ਤੇ ਕਰੀਬ ‘ਸਿਫ਼ਰ’ ਡਿਊਟੀ ਲਾਈ ਜਾਂਦੀ ਸੀ। ਇਕ ਹੋਰ ਅਧਿਕਾਰੀ ਨੇ ਕਿਹਾ ਕਿ 25 ਫ਼ੀਸਦ ਟੈਕਸ ਲਾਏ ਜਾਣ ਨਾਲ ਵਾਹਨਾਂ ਦੀਆਂ ਕੀਮਤਾਂ ਵਧਣਗੀਆਂ ਅਤੇ ਅਮਰੀਕਾ ’ਚ ਇਹ ਹੋਰ ਮਹਿੰਗੇ ਭਾਅ ’ਤੇ ਵਿਕਣਗੀਆਂ ਜਿਸ ਦਾ ਲਾਹਾ ਭਾਰਤੀ ਕੰਪਨੀਆਂ ਨੂੰ ਹੀ ਹੋਵੇਗਾ।
ਆਟੋ ਕੰਪਨੀਆਂ ਦੇ ਸ਼ੇਅਰ ਡਿੱਗੇ
ਮੁੰਬਈ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਦਰਾਮਦ ਵਾਹਨਾਂ ਅਤੇ ਪੁਰਜ਼ਿਆਂ ’ਤੇ 25 ਫ਼ੀਸਦ ਟੈਕਸ ਲਗਾਉਣ ਦੇ ਐਲਾਨ ਮਗਰੋਂ ਵੀਰਵਾਰ ਨੂੰ ਵਾਹਨ ਕੰਪਨੀਆਂ ਨਾਲ ਜੁੜੇ ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਟਾਟਾ ਮੋਟਰਜ਼ ਦਾ ਸ਼ੇਅਰ 5.56 ਫ਼ੀਸਦ ਦੀ ਗਿਰਾਵਟ ਨਾਲ 668.60 ਰੁਪਏ ’ਤੇ ਬੰਦ ਹੋਇਆ। ਇਸੇ ਤਰ੍ਹਾਂ ਅਸ਼ੋਕ ਲੇਲੈਂਡ ਦਾ ਸ਼ੇਅਰ 2.77 ਫ਼ੀਸਦ, ਆਇਸ਼ਰ ਮੋਟਰਜ਼ ਦਾ 0.97 ਫ਼ੀਸਦ, ਮਹਿੰਦਰਾ ਐਂਡ ਮਹਿੰਦਰਾ ਦਾ 0.35 ਫ਼ੀਸਦ ਅਤੇ ਅਪੋਲੋ ਟਾਇਰਜ਼ ਦਾ ਸ਼ੇਅਰ 0.24 ਫ਼ੀਸਦ ਡਿੱਗਿਆ। ਉਧਰ ਵਾਹਨਾਂ ਦੇ ਪੁਰਜ਼ੇ ਬਣਾਉਣ ਵਾਲੀਆਂ ਕੰਪਨੀਆਂ ਸੋਨਾ ਬੀਐੱਲਡਬਲਿਊ, ਸੰਵਰਧਨ ਮਦਰਸਨ, ਭਾਰਤ ਫੋਰਜ, ਏਐੱਸਕੇ ਆਟੋਮੋਟਿਵ ਅਤੇ ਕ੍ਰਾਫਟਮੈਨ ਆਟੋਮੇਸ਼ਨ ਦੇ ਸ਼ੇਅਰਾਂ ’ਚ ਵੀ ਗਿਰਾਵਟ ਦਰਜ ਹੋਈ।