ਗਬਾਰਡ ਦੀ ਯਾਤਰਾ ਭਾਰਤ-ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਦਾ ਸਬੂਤ

ਹਾਲ ਹੀ ’ਚ ਭਾਰਤ ਦੀ ਯਾਤਰਾ ’ਤੇ ਸੀ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ (ਡੀਐੱਨਆਈ) ਤੁਲਸੀ ਗਬਾਰਡ ਦੀ ਭਾਰਤ ਯਾਤਰਾ ਦਹਾਕਿਆਂ ਤੋਂ ਚੱਲੇ ਆ ਰਹੇ ਮਜ਼ਬੂਤ ਅਮਰੀਕਾ-ਭਾਰਤ ਸਬੰਧਾਂ ਦੀ ਪੈਰਵੀ ਕਰਦੀ ਹੈ ਤੇ ਇਸ ਯਾਤਰਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੋਸਤੀ ਤੋਂ ਬਲ ਮਿਲਿਆ ਹੈ। ਇਹ ਜਾਣਕਾਰੀ ਡੀਐੱਨਆਈ ਵੱਲੋਂ ਜਾਰੀ ਬਿਆਨ ’ਚ ਦਿੱਤੀ ਗਈ ਹੈ। ਗਬਾਰਡ ਦੀ ਬਤੌਰ ਡੀਐੱਨਆਈ ਇਹ ਹਵਾਈ, ਜਪਾਨ, ਥਾਈਲੈਂਡ, ਭਾਰਤ ਤੇ ਫਰਾਂਸ ਦੀ ਪਹਿਲੀ ਯਾਤਰਾ ਸੀ।
ਡੀਐੱਨਆਈ ਵੱਲੋਂ ਜਾਰੀ ਬਿਆਨ ਅਨੁਸਾਰ, ‘ਹਿੰਦ-ਪ੍ਰਸਾਂਤ ਖੇਤਰ ’ਚ ਜਨਮੀ, ਪਲੀ ਤੇ ਵੱਡੀ ਹੋਈ ਡੀਐੱਨਆਈ ਗਬਾਰਡ ਨੇ ਇਸ ਖੇਤਰ ਦੀਆਂ ਅਹਿਮ ਭਾਈਵਾਲੀਆਂ ਤੇ ਗੁੰਝਲਦਾਰ ਚੁਣੌਤੀਆਂ ਬਾਰੇ ਸੂਖਮ ਸਮਝ ਪੇਸ਼ ਕੀਤੀ ਕਿਉਂਕਿ ਉਨ੍ਹਾਂ ਹਿੰਦ-ਪ੍ਰਸ਼ਾਂਤ ’ਚ ਰਾਸ਼ਟਰਪਤੀ ਟਰੰਪ ਦੀ ‘ਅਮਰੀਕਾ ਪਹਿਲਾਂ’ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੇ ਮੌਕਿਆਂ ਦੀ ਭਾਲ ਕੀਤੀ।’ ਗਬਾਰਡ ਨੇ ਭਾਰਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਸਮੇਤ ਹੋਰਾਂ ਨਾਲ ਕਈ ਦੁਵੱਲੀਆਂ ਮੁਲਾਕਾਤਾਂ ਕੀਤੀਆਂ। ਬਿਆਨ ’ਚ ਕਿਹਾ ਗਿਆ, ‘ਉਨ੍ਹਾਂ ਦੀ ਯਾਤਰਾ ਦਹਾਕਿਆਂ ਤੋਂ ਚੱਲੇ ਆ ਰਹੇ ਅਮਰੀਕਾ-ਭਾਰਤ ਸਬੰਧਾਂ ਦੀ ਪੈਰਵੀ ਕਰਦੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਤੇ ਉਨ੍ਹਾਂ ਦੀ ਦੋਸਤੀ ਤੋਂ ਹਮਾਇਤ ਮਿਲੀ ਹੈ।’ ਬਿਆਨ ’ਚ ਕਿਹਾ ਗਿਆ ਹੈ, ‘ਭਾਰਤ ’ਚ ਗਬਾਰਡ ਦੀਆਂ ਮੀਟਿੰਗਾਂ ਖੁਫੀਆ ਜਾਣਕਾਰੀ ਸਾਂਝੀ ਕਰਨ, ਰੱਖਿਆ ਮਜ਼ਬੂਤ ਕਰਨ, ਅਤਿਵਾਦ ਰੋਕਣ ਅਤੇ ਕੌਮਾਂਤਰੀ ਖਤਰਿਆਂ ’ਤੇ ਕੇਂਦਰਿਤ ਰਹੀ।’ ਗਬਾਰਡ ਇੱਥੇ ਰਾਇਸੀਨਾ ਵਾਰਤਾ ’ਚ ਵੀ ਸ਼ਾਮਲ ਹੋਈ, ਜਿੱਥੇ ਉਨ੍ਹਾਂ ਸ਼ਾਂਤੀਪੂਰਨ, ਆਜ਼ਾਦ, ਸੁਰੱਖਿਅਤ ਤੇ ਖੁਸ਼ਹਾਲ ਸਮਾਜ ਲਈ ਟਰੰਪ ਦੇ ਟੀਚਿਆਂ ਵੱਲ ਵਧਣ ਦੀ ਸਮੂਹਿਕ ਕੋਸ਼ਿਸ਼ ਬਾਰੇ ਮੁੱਖ ਭਾਸ਼ਣ ਦਿੱਤਾ।