ਯੂਐੱਸਏਡ ਦੇ 90 ਫ਼ੀਸਦੀ ਵਿਦੇਸ਼ੀ ਸਹਾਇਤਾ ਸਮਝੌਤੇ ਖ਼ਤਮ ਹੋਣਗੇ: ਅਮਰੀਕਾ

ਯੂਐੱਸਏਡ ਦੇ 90 ਫ਼ੀਸਦੀ ਵਿਦੇਸ਼ੀ ਸਹਾਇਤਾ ਸਮਝੌਤੇ ਖ਼ਤਮ ਹੋਣਗੇ: ਅਮਰੀਕਾ

ਕੁੱਲ 60 ਅਰਬ ਡਾਲਰ ਦੀ ਅਮਰੀਕੀ ਸਹਾਇਤਾ ਬੰਦ ਕੀਤੀ ਜਾਵੇਗੀ; ਅਮਰੀਕੀ ਸਹਾਇਤਾ ਜਾਰੀ ਕਰਨ ਨਾਲ ਸਬੰਧਤ ਅਦਾਲਤ ਦੇ ਹੁਕਮਾਂ ’ਤੇ ਰੋਕ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐੱਸਏਡ) ਦੇ 90 ਫ਼ੀਸਦੀ ਤੋਂ ਵੱਧ ਵਿਦੇਸ਼ੀ ਸਹਾਇਤਾ ਸਮਝੌਤਿਆਂ ਨੂੰ ਖ਼ਤਮ ਕਰ ਰਿਹਾ ਹੈ ਅਤੇ ਦੁਨੀਆ ਭਰ ’ਚ ਕੁੱਲ 60 ਅਰਬ ਡਾਲਰ ਦੀ ਅਮਰੀਕੀ ਸਹਾਇਤਾ ਬੰਦ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਕਟੌਤੀ ਮਗਰੋਂ ਯੂਐੱਸਏਡ ਦੇ ਕੁਝ ਹੀ ਪ੍ਰਾਜੈਕਟ ਬਚਣਗੇ। ਟਰੰਪ ਪ੍ਰਸ਼ਾਸਨ ਨੇ ਇਕ ਅੰਦਰੂਨੀ ਮੀਮੋ ਅਤੇ ਬੁੱਧਵਾਰ ਨੂੰ ਸੰਘੀ ਮੁਕੱਦਮੇ ’ਚ ਦਾਖ਼ਲ ਦਸਤਾਵੇਜ਼ਾਂ ’ਚ ਆਪਣੀਆਂ ਯੋਜਨਾਵਾਂ ਦਾ ਖਾਕਾ ਪੇਸ਼ ਕੀਤਾ। ਅਮਰੀਕਾ ਦੇ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਸ ਮਾਮਲੇ ’ਚ ਦਖ਼ਲ ਦਿੱਤਾ ਅਤੇ ਇਕ ਜੱਜ ਦੇ ਉਸ ਹੁਕਮ ’ਤੇ ਆਰਜ਼ੀ ਤੌਰ ’ਤੇ ਰੋਕ ਲਗਾ ਦਿੱਤੀ ਜਿਸ ’ਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠਲੇ ਪ੍ਰਸ਼ਾਸਨ ਨੂੰ ਹੋਰ ਮੁਲਕਾਂ ਲਈ ਅਰਬਾਂ ਡਾਲਰ ਦੀ ਅਮਰੀਕੀ ਸਹਾਇਤਾ ਜਾਰੀ ਕਰਨ ਦੇ ਸਬੰਧ ’ਚ ਅੱਧੀ ਰਾਤ ਤੱਕ ਦਾ ਸਮਾਂ ਦਿੱਤਾ ਗਿਆ ਸੀ। ਚੀਫ਼ ਜਸਟਿਸ ਜੌਹਨ ਰੌਬਰਟਸ ਨੇ ਕਿਹਾ ਕਿ ਯੂਐੱਸ ਡਿਸਟ੍ਰਿਕਟ ਜੱਜ ਆਮਿਰ ਐੱਚ ਅਲੀ ਵੱਲੋਂ ਜਾਰੀ ਹੁਕਮ ’ਤੇ ਉਦੋਂ ਤੱਕ ਰੋਕ ਰਹੇਗੀ ਜਦੋਂ ਤੱਕ ਕਿ ਸੁਪਰੀਮ ਕੋਰਟ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਲੈਂਦਾ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਮਝੌਤੇ ਖ਼ਤਮ ਕਰਨ ਦੀ ਨਜ਼ਰਸਾਨੀ ਕੀਤੀ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ 54 ਅਰਬ ਡਾਲਰ ਦੀ ਕਟੌਤੀ ਲਈ 6,200 ਯੂਐੱਸਏਡ ਸਮਝੌਤਿਆਂ ’ਚੋਂ 5,800 ਨੂੰ ਖ਼ਤਮ ਕਰੇਗਾ। ਇਸ ਤੋਂ ਇਲਾਵਾ 4.4 ਅਰਬ ਡਾਲਰ ਦੀ ਕਟੌਤੀ ਲਈ ਵਿਦੇਸ਼ ਮੰਤਰਾਲੇ ਦੀਆਂ 9,100 ਗ੍ਰਾਂਟਾਂ ’ਚੋਂ 4,100 ਨੂੰ ਖ਼ਤਮ ਕੀਤਾ ਜਾ ਰਿਹਾ ਹੈ। 

ad