ਟਰੰਪ ਨੇ ਕੈਪੀਟਲ ਹਿੰਸਾ ਦੇ ਦੋਸ਼ੀਆਂ ਨੂੰ ਮੁਆਫ਼ ਕੀਤਾ

* ਬਰਿਕਸ ਮੁਲਕਾਂ ਨੂੰ ਸੌ ਫ਼ੀਸਦ ਟੈਕਸ ਲਾਉਣ ਦੀ ਚਿਤਾਵਨੀ * ਆਲਮੀ ਕਾਰੋਬਾਰ ਲਈ ਡਾਲਰ ਦੀ ਵਰਤੋਂ ਘਟਾਉਣ ਤੋਂ ਵਰਜਿਆ * ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ’ਤੇ 25 ਫ਼ੀਸਦ ਟੈਕਸ ਲਾਉਣ ਦਾ ਐਲਾਨ
* ਚੀਨ ਨੂੰ ਵੀ ਦਰਾਮਦ ’ਤੇ ਟੈਕਸ ਲਾਉਣ ਦੀ ਚਿਤਾਵਨੀ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 6 ਜਨਵਰੀ 2021 ਨੂੰ ਕੈਪੀਟਲ ਹਿੱਲ ’ਤੇ ਹੋਈ ਹਿੰਸਾ ਦੇ ਮਾਮਲੇ ’ਚ ਸਾਰੇ 1500 ਲੋਕਾਂ ਨੂੰ ਉਨ੍ਹਾਂ ਦੇ ਅਪਰਾਧ ਲਈ ਮੁਆਫ਼ੀ ਦੇ ਦਿੱਤੀ ਹੈ। ਇਨ੍ਹਾਂ ’ਚ ਉਹ ਲੋਕ ਵੀ ਸ਼ਾਮਲ ਹਨ ਜੋ ਪੁਲੀਸ ’ਤੇ ਹਮਲਾ ਕਰਨ ਦੇ ਦੋਸ਼ੀ ਹਨ। ਟਰੰਪ ਨੇ ਅਹੁਦਾ ਸੰਭਾਲਣ ਦੇ ਪਹਿਲੇ ਹੀ ਦਿਨ ਆਪਣੀਆਂ ਮੁਆਫ ਕਰਨ ਦੀਆਂ ਸ਼ਕਤੀਆਂ ਦੀ ਵਰਤੋਂ ਕੀਤੀ ਅਤੇ ਅਮਰੀਕੀ ਨਿਆਂ ਵਿਭਾਗ ਦੇ ਇਤਿਹਾਸ ’ਚ ਕਿਸੇ ਮਾਮਲੇ ਨਾਲ ਜੁੜੀ ਸਭ ਤੋਂ ਵੱਡੀ ਜਾਂਚ ਤੇ ਕੇਸ ਖਤਮ ਕਰ ਦਿੱਤਾ ਹੈ। ਟਰੰਪ ਨੇ ਅਟਾਰਨੀ ਜਨਰਲ ਨੂੰ ਛੇ ਜਨਵਰੀ ਦੇ ਦੋਸ਼ੀਆਂ ਖ਼ਿਲਾਫ਼ ਦਾਇਰ ਤਕਰੀਬਨ 450 ਕੇਸ ਬੰਦ ਕਰਨ ਦਾ ਵੀ ਹੁਕਮ ਦਿੱਤਾ ਹੈ। ਉਨ੍ਹਾਂ ‘ਵ੍ਹਾਈਟ ਹਾਊਸ’ ’ਚ ਵਾਪਸੀ ਤੋਂ ਪਹਿਲਾਂ ਕਿਹਾ ਸੀ ਕਿ ਉਹ ਛੇ ਜਨਵਰੀ ਦੇ ਦੋਸ਼ੀਆਂ ਦੇ ਹਰ ਮਾਮਲੇ ’ਤੇ ਗੌਰ ਕਰਨਗੇ।
ਡੋਨਲਡ ਟਰੰਪ ਨੇ ਬਰਿਕਸ ਮੁਲਕਾਂ, ਜਿਸ ਦਾ ਭਾਰਤ ਵੀ ਹਿੱਸਾ ਹੈ, ਨੂੰ ਮੁੜ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਡਾਲਰ ਨੂੰ ਬਦਲਣ ਲਈ ਕੋਈ ਕਦਮ ਚੁੱਕਿਆ ਤਾਂ ਉਹ ਉਨ੍ਹਾਂ ’ਤੇ ਸੌ ਫੀਸਦ ਟੈਕਸ ਲਾਉਣਗੇ। ਉਨ੍ਹਾਂ ਨੇ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਦ ’ਤੇ 25 ਫੀਸਦ ਟੈਕਸ ਲਾਉਣ ਦਾ ਐਲਾਨ ਵੀ ਕੀਤਾ। ਬੀਤੇ ਦਿਨ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਟਰੰਪ ਨੇ ਕਿਹਾ, ‘ਜੇ ਬਰਿਕਸ ਮੁਲਕ ਇਹ ਕਰਨਾ ਚਾਹੁੰਦੇ ਹਨ (ਡਾਲਰ ਨੂੰ ਤਬਦੀਲ) ਤਾਂ ਕੋਈ ਗੱਲ ਨਹੀਂ ਪਰ ਅਸੀਂ ਅਮਰੀਕਾ ਨਾਲ ਉਨ੍ਹਾਂ ਦੇ ਵਪਾਰ ’ਤੇ ਘੱਟ ਤੋਂ ਘੱਟ ਸੌ ਫੀਸਦ ਟੈਰਿਫ ਲਾਉਣ ਜਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਆਲਮੀ ਕਾਰੋਬਾਰ ਲਈ ਡਾਲਰ ਦੀ ਵਰਤੋਂ ਘਟਾਉਣ ਬਾਰੇ ਸੋਚਿਆ ਵੀ ਤਾਂ ਉਨ੍ਹਾ ’ਤੇ ਸੌ ਫੀਸਦ ਟੈਕਸ ਲਗਾ ਦਿੱਤਾ ਜਾਵੇਗਾ। ਬਰਿਕਸ ਦਸ ਮੁਲਕਾਂ ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਤੇ ਯੂਏਈ ਦਾ ਇੱਕ ਅੰਤਰ-ਸਰਕਾਰੀ ਸੰਗਠਨ ਹੈ। ਟਰੰਪ ਨੇ ਦਸੰਬਰ ’ਚ ਵੀ ਅਜਿਹੇ ਕਦਮ ਖ਼ਿਲਾਫ਼ ਚਿਤਾਵਨੀ ਦਿੱਤੀ ਸੀ।
ਇਸੇ ਦੌਰਾਨ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਪ੍ਰਸ਼ਾਸਨ 1 ਫਰਵਰੀ ਤੋਂ ਮੈਕਸੀਕੋ ਤੇ ਕੈਨੇਡਾ ਤੋਂ ਦਰਾਮਦ ’ਤੇ 25 ਫੀਸਦ ਟੈਕਸ ਲਾਉਣ ਦੀ ਯੋਜਨਾ ਬਣਾ ਰਿਹਾ ਹੈ। ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਦੇ ਸਮੇਂ ਦੋ ਮੁਲਕਾਂ ’ਤੇ ਟੈਕਸ ਲਾਉਣ ਸਬੰਧੀ ਪੁੱਛੇ ਜਾਣ ’ਤੇ ਟਰੰਪ ਨੇ ਜਵਾਬ ਦਿੱਤਾ, ‘ਅਸੀਂ ਮੈਕਸੀਕੋ ਤੇ ਕੈਨੇਡਾ ’ਤੇ 25 ਫੀਸਦ ਟੈਕਸ ਲਾਉਣ ਬਾਰੇ ਸੋਚ ਰਹੇ ਹਾਂ ਕਿਉਂਕਿ ਉਹ ਵੱਡੀ ਗਿਣਤੀ ’ਚ ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਹਨ।’ ਉਨ੍ਹਾਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਦੌਰਾਨ ਵੀ ਕੈਨੇਡਾ ਤੇ ਮੈਕਸੀਕੋ ਨੂੰ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਸੀ। ਟਰੰਪ ਨੇ ਚੀਨ ਨੂੰ ਵੀ ਦਰਾਮਦ ’ਤੇ ਟੈਕਸ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਸਬੰਧੀ ਬਿੱਲ ਪਾਸ
ਵਾਸ਼ਿੰਗਟਨ; ਅਮਰੀਕਾ ਦੇ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ ਦੇ ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸੈਨੇਟ ਨੇ ਬੀਤੇ ਦਿਨ ਇੱਕ ਬਿੱਲ ਪਾਸ ਕੀਤਾ ਜਿਸ ਤਹਿਤ ਫੈੱਡਰਲ ਅਥਾਰਿਟੀਆਂ ਨੂੰ ਚੋਰੀ ਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣਾ ਪਵੇਗਾ। ਇਹ ਪਹਿਲਾ ਕਦਮ ਹੈ ਜਿਸ ਨੂੰ ਉਹ ਕਾਨੂੰਨ ਦਾ ਰੂਪ ਦੇਣਗੇ ਅਤੇ ਇਸ ਨਾਲ ਲੱਖਾਂ ਪਰਵਾਸੀਆਂ ਨੂੰ ਮੁਲਕ ’ਚੋਂ ਕੱਢਣ ਦੀ ਉਨ੍ਹਾਂ ਦੀ ਯੋਜਨਾ ਨੂੰ ਹੋਰ ਮਦਦ ਮਿਲੇਗੀ। ਟਰੰਪ ਨੇ ਗ਼ੈਰਕਾਨੂੰਨੀ ਪਰਵਾਸ ’ਤੇ ਵੱਡੇ ਪੱਧਰ ’ਤੇ ਕਾਰਵਾਈ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਬਣਾਇਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੀ ਕਾਂਗਰਸ ਇਸ ਦਾ ਪਾਲਣ ਕਰਨ ਲਈ ਤਿਆਰ ਹੈ। ਇਸ ਯੋਜਨਾ ਨੂੰ ਕੁਝ ਡੈਮੋਕਰੈਟ ਸੰਸਦ ਮੈਂਬਰਾਂ ਦੀ ਹਮਾਇਤ ਵੀ ਹਾਸਲ ਹੈ। ਇਹ ਬਿੱਲ 35 ਮੁਕਾਬਲੇ 64 ਵੋਟਾਂ ਨਾਲ ਪਾਸ ਹੋਇਆ ਅਤੇ ਰਿਪਬਲਿਕਨ ਸੰਸਦ ਮੈਂਬਰਾਂ ਲਾਲ ਹੀ ਡੈਮੋਕਰੈਟਿਕ ਪਾਰਟੀ ਦੇ 12 ਸੰਸਦ ਮੈਂਬਰਾਂ ਨੇ ਵੀ ਇਸ ਦੇ ਹੱਕ ’ਚ ਵੋਟ ਪਾਈ। ਟਰੰਪ ਨੇ ਆਪਣੇ ਹਮਾਇਤੀਆਂ ਨੂੰ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਅਪਰਾਧੀ ਸਾਡੇ ਦੇਸ਼ ’ਚ ਆਉਣ।’ ਉਨ੍ਹਾਂ ਕਿਹਾ, ਉਹ ‘ਇੱਕ ਜਾਂ ਦੋ ਹਫ਼ਤਿਆਂ ਅੰਦਰ’ ਇੱਕ ਬਿੱਲ ’ਤੇ ਦਸਤਖ਼ਤ ਕਰਨ ਨੂੰ ਲੈ ਆਸਵੰਦ ਹਨ।
ਟਰੰਪ ਨੇ ਟੈਕਸ ਲਾਇਆ ਤਾਂ ਜਵਾਬ ਦੇਵਾਂਗੇ: ਕੈਨੇਡਾ
ਟੋਰਾਂਟੋ; ਡੋਨਲਡ ਟਰੰਪ ਵੱਲੋਂ 1 ਫਰਵਰੀ ਤੋਂ 25 ਫੀਸਦ ਟੈਕਸ ਲਾਉਣ ਦੇ ਐਲਾਨ ਮਗਰੋਂ ਕੈਨੇਡਾ ਨੇ ਕਿਹਾ ਕਿ ਉਹ ਇਸ ਦਾ ਜਵਾਬ ਦੇਣਗੇ। ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨੇ ਕਿਹਾ ਕਿ ਉਹ ਟੈਕਸ ਤੋਂ ਬਚਣ ਲਈ ਕੰਮ ਕਰਦੇ ਰਹਿਣਗੇ ਪਰ ਨਾਲ ਹੀ ਇਸ ਦਾ ਜਵਾਬ ਦੇਣਗੇ। ਵਿੱਤ ਮੰਤਰੀ ਡੋਮਿਨਿਕ ਲੇਬਾਂਕ ਨੇ ਕਿਹਾ ਕਿ ਟਰੰਪ ਅਜਿਹਾ ਕਰ ਸਕਦੇ ਹਨ। ਉਨ੍ਹਾਂ ਕਿਹਾ, ‘ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੋਣੀ ਚਾਹੀਦੀ। ਸਾਡਾ ਦੇਸ਼ ਇਨ੍ਹਾਂ ’ਚੋਂ ਕਿਸੇ ਵੀ ਸਥਿਤੀ ਦਾ ਜਵਾਬ ਦੇਣ ਲਈ ਬਿਲਕੁਲ ਤਿਆਰ ਹੈ।’
ਪਰਵਾਸ ਠੱਲ੍ਹਣ ਲਈ ਦੱਖਣੀ ਸਰਹੱਦ ’ਤੇ ਸੁਰੱਖਿਆ ਵਧਾਏਗਾ ਅਮਰੀਕਾ
* ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਟਰੰਪ ਵੱਲੋਂ ਕਈ ਹੁਕਮਾਂ ’ਤੇ ਦਸਤਖ਼ਤ
* ਪੈਰਿਸ ਜਲਵਾਯੂ ਸਮਝੌਤੇ ’ਚੋਂ ਬਾਹਰ ਆਉਣ ਦਾ ਫ਼ੈਸਲਾ
ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸਹੁੰ ਚੁੱਕ ਸਮਾਗਮ ਮਗਰੋਂ ਪੈਰਿਸ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੂੰ ਬਾਹਰ ਕਰਨ, ਸਰਹੱਦੀ ਸੁਰੱਖਿਆ, ਟਿਕਟੌਕ ਦੇ ਸੰਚਾਲਨ ਦੀ ਸਮਾਂ ਸੀਮਾ ਵਧਾਉਣ ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਜਿਹੇ ਕਈ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ’ਚੋਂ ਕਈਆਂ ਦਾ ਜ਼ਿਕਰ ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕੀਤਾ ਸੀ।
ਰਾਸ਼ਟਰਪਤੀ ਟਰੰਪ ਨੇ ਦੱਖਣੀ ਸਰਹੱਦ ’ਤੇ ਸੁਰੱਖਿਆ ਵਧਾਉਣ ਸਬੰਧੀ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਜੋ ਉਨ੍ਹਾਂ ਦੇ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਅਮਲ ’ਚ ਆ ਗਿਆ। ਇਸ ਤਰ੍ਹਾਂ ਉਨ੍ਹਾਂ ਪਰਵਾਸ ’ਤੇ ਠੱਲ੍ਹ ਪਾਉਣ ਦਾ ਆਪਣਾ ਵਾਅਦਾ ਪੂਰਾ ਕੀਤਾ ਅਤੇ ਵੰਡਪਾਊ ਮੁੱਦੇ ’ਤੇ ਵ੍ਹਾਈਟ ਹਾਊਸ ਦੀ ਨੀਤੀ ’ਚ ਇੱਕ ਹੋਰ ਵੱਡੀ ਤਬਦੀਲੀ ਕੀਤੀ। ਇਸ ਵਿੱਚ ਪਰਵਾਸੀਆਂ ਨੂੰ ਮੈਕਸੀਕੋ ਦੀ ਸਰਹੱਦ ’ਤੇ ਉਡੀਕ ਲਈ ਮਜਬੂਰ ਕਰਨਾ, ਸਰਹੱਦੀ ਕੰਧ ਪੂਰੀ ਕਰਨੀ, ਅਮਰੀਕਾ ’ਚ ਜਨਮ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਖੁਦ ਹੀ ਮਿਲਣ ਵਾਲੀ ਨਾਗਰਿਕਤਾ ਖਤਮ ਕਰਨ ਦੀ ਕੋਸ਼ਿਸ਼ ਕਰਨਾ, ਸਰਹੱਦੀ ਸੁਰੱਖਿਆ ’ਚ ਸੈਨਾ ਨੂੰ ਸ਼ਾਮਲ ਕਰਨਾ ਸ਼ਾਮਲ ਹੈ। ਟਰੰਪ ਨੇ ‘ਸੀਬੀਪੀ ਵਨ’ ਨਾਂ ਦੀ ਇੱਕ ਸਰਹੱਦੀ ਐਪ ਦੀ ਵਰਤੋਂ ਵੀ ਬੰਦ ਕਰ ਦਿੱਤੀ ਜਿਸ ਨਾਲ ਤਕਰੀਬਨ 10 ਲੱਖ ਲੋਕਾਂ ਨੂੰ ਕੰਮ ਕਰਨ ਦੀ ਯੋਗਤਾ ਨਾਲ ਕਾਨੂੰਨੀ ਤੌਰ ’ਤੇ ਅਮਰੀਕਾ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ। ਟਰੰਪ ਨੇ ਮੌਤ ਦੀ ਸਜ਼ਾ ਸਬੰਧੀ ਹੁਕਮਾਂ ’ਤੇ ਵੀ ਦਸਤਖ਼ਤ ਕੀਤੇ ਹਨ। ਉਨ੍ਹਾਂ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ’ਚੋਂ ਅਮਰੀਕਾ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਹੁਕਮਾਂ ’ਤੇ ਵੀ ਦਸਤਖ਼ਤ ਕੀਤੇ ਹਨ। ਪਿਛਲੇ ਪੰਜ ਸਾਲਾਂ ’ਚ ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੂੰ ਡਬਲਿਊਐੱਚਓ ’ਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਹੈ। ਇਸੇ ਤਰ੍ਹਾਂ ਟਰੰਪ ਨੇ ਪੈਰਿਸ ਸਮਝੌਤੇ ਤੋਂ ਹਟਣ ਸਬੰਧੀ ਹੁਕਮਾਂ ’ਤੇ ਦਸਤਖਤ ਕੀਤੇ ਤੇ ਕਿਹਾ ਕਿ ਉਹ ਇੱਕ ਇੱਕਪਾਸੜ ਸਮਝੌਤੇ ਤੋਂ ਤੁਰੰਤ ਹੱਟ ਰਹੇ ਹਨ। ਉਨ੍ਹਾਂ ਟਰਾਂਸਜੈਂਡਰ ਲੋਕਾਂ ਤੋਂ ਸੁਰੱਖਿਆ ਵਾਪਸ ਲੈਣ ਅਤੇ ਨਸ਼ਾ ਤਸਕਰ ਗਰੋਹਾਂ ਨੂੰ ਅਤਿਵਾਦੀ ਸੰਗਠਨ ਐਲਾਨੇ ਜਾਣ ਸਬੰਧੀ ਹੁਕਮਾਂ ’ਤੇ ਵੀ ਦਸਤਖਤ ਕੀਤੇ। ਸੈਨੇਟ ਨੇ ਇੱਕ ਬਿੱਲ ਵੀ ਪਾਸ ਕੀਤਾ ਹੈ ਜਿਸ ਤਹਿਤ ਫੈਡਰਲ ਅਧਿਕਾਰੀਆਂ ਨੂੰ ਚੋਰੀ ਤੇ ਹਿੰਸਕ ਅਪਰਾਧਾਂ ਲਈ ਦੋਸ਼ੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਦੀ ਲੋੜ ਹੋਵੇਗੀ। ਇਸੇ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਇਸ ਆਲਮੀ ਸੰਸਥਾ ਤੋਂ ਅਮਰੀਕਾ ਦੇ ਵੱਖ ਹੋਣ ਸਬੰਧੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਐਲਾਨ ’ਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਉਮੀਦ ਪ੍ਰਗਟਾਈ ਕਿ ਅਮਰੀਕਾ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇਗਾ ਤੇ ਭਾਈਵਾਲੀ ਬਣਾਏ ਰੱਖਣ ਲਈ ਰਚਨਾਤਮਕ ਗੱਲਬਾਤ ’ਚ ਸ਼ਾਮਲ ਹੋਵੇਗਾ।
ਮਾਰਕੋ ਰੂਬੀਓ ਵਿਦੇਸ਼ ਮੰਤਰੀ ਬਣੇ
ਵਾਸ਼ਿੰਗਟਨ; ਫਲੋਰੀਡਾ ਤੋਂ ਅਮਰੀਕੀ ਸੈਨੇਟਰ ਮਾਰਕੋ ਰੂਬੀਓ ਨੂੰ ਸਰਬ ਸਹਿਮਤੀ ਨਾਲ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੇ ਪਹਿਲੇ ਮੈਂਬਰ ਹਨ। 53 ਸਾਲਾ ਰੂਬੀਓ ਨੇ ਪਿਛਲੇ ਸਾਲ ਸੈਨੇਟਰ ਵਜੋਂ ਕਾਂਗਰਸ ’ਚ ਇੱਕ ਬਿੱਲ ਪੇਸ਼ ਕੀਤਾ ਸੀ ਜਿਸ ’ਚ ਤਕਨੀਕ ਲੈਣ-ਦੇਣ ਦੇ ਸਬੰਧ ’ਚ ਭਾਰਤ ਨੂੰ ਜਪਾਨ, ਇਜ਼ਰਾਈਲ, ਕੋਰੀਆ ਤੇ ਨਾਟੋ ਦੇ ਸਹਿਯੋਗੀਆਂ ਜਿਹੇ ਆਪਣੇ ਸਹਿਯੋਗੀਆਂ ਨਾਲ ਇੱਕੋ ਜਿਹਾ ਵਿਹਾਰ ਕਰਨ ਅਤੇ ਖੇਤਰੀ ਅਖੰਡਤਾ ਨੂੰ ਵਧਦੇ ਖਤਰਿਆਂ ਦੇ ਜਵਾਬ ’ਚ ਭਾਰਤ ਦੀ ਹਮਾਇਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ।