ਜੈਸ਼ੰਕਰ ਵੱਲੋਂ ਜਪਾਨ ਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ

ਦੁਵੱਲੇ ਤੇ ਕੁਆਡ ਨਾਲ ਸਬੰਧਤ ਮਸਲਿਆਂ ਬਾਰੇ ਕੀਤੀ ਚਰਚਾ
ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਵਾਸ਼ਿੰਗਟਨ ’ਚ ਆਸਟਰੇਲੀਆ ਤੇ ਜਪਾਨ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਇਸ ਦੌਰਾਨ ਉਨ੍ਹਾਂ ਦੁਵੱਲੇ ਸਬੰਧਾਂ ਤੇ ਕੁਆਡ (ਚਹੁੰ-ਪੱਖੀ ਸੁਰੱਖਿਆ ਸੰਵਾਦ) ਨਾਲ ਸਬੰਧਤ ਮੁੱਦਿਆਂ ਬਾਰੇ ਚਰਚਾ ਕੀਤੀ। ਕੁਆਡ ਟਰੰਪ ਪ੍ਰਸ਼ਾਸਨ ਦੇ ਪਹਿਲੇ ਕਾਰਜਕਾਲ ਦੀ ਪਹਿਲ ਹੈ ਤੇ ਇਸ ਵਿੱਚ ਆਸਟਰੇਲੀਆ, ਭਾਰਤ, ਜਪਾਨ ਤੇ ਅਮਰੀਕਾ ਸ਼ਾਮਲ ਹਨ।
ਅਮਰੀਕੀ ਕਾਂਗਰਸ ਵੱਲੋਂ ਪੁਸ਼ਟੀ ਕੀਤੇ ਜਾਣ ਤੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਮਾਰਕੋ ਰੂਬੀਓ ਦੀਆਂ ਕੌਮਾਂਤਰੀ ਮੀਟਿੰਗਾਂ ਦੌਰਾਨ ‘ਕੁਆਡ’ ਮੰਤਰੀ ਪੱਧਰੀ ਮੀਟਿੰਗ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਐਕਸ ’ਤੇ ਪੋਸਟ ਕੀਤਾ, ‘ਅੱਜ ਵਾਸ਼ਿੰਗਟਨ ’ਚ ਕੁਆਡ ਦੀ ਸਹਿਯੋਗੀ ਵਿਦੇਸ਼ ਮੰਤਰੀ ਸੈਨੇਟਰ ਵੌਂਗ ਨੂੰ ਮਿਲ ਕੇ ਖੁਸ਼ੀ ਹੋਈ। ਹਮੇਸ਼ਾ ਦੀ ਤਰ੍ਹਾਂ ਦੁਨੀਆ ਦੇ ਹਾਲਾਤ ’ਤੇ ਅਸੀਂ ਚਰਚਾ ਕੀਤੀ।’ ਜਪਾਨ ਦੇ ਵਿਦੇਸ਼ ਮੰਤਰੀ ਨਾਲ ਆਪਣੀ ਮੀਟਿੰਗ ਮਗਰੋਂ ਇੱਕ ਹੋਰ ਪੋਸਟ ’ਚ ਉਨ੍ਹਾਂ ਕਿਹਾ, ‘ਜਪਾਨ ਦੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਯਾ ਨੂੰ ਮਿਲ ਕੇ ਚੰਗਾ ਲੱਗਾ। ਅਸੀਂ ਦੁਵੱਲੇ ਸਹਿਯੋਗ ’ਚ ਪ੍ਰਗਤੀ ਦੀ ਸਮੀਖਿਆ ਕੀਤੀ। ‘ਕੁਆਡ’ ਨਾਲ ਸਬੰਧਤ ਘਟਨਾਕ੍ਰਮਾਂ ’ਤੇ ਵੀ ਚਰਚਾ ਕੀਤੀ।’ ਅਮਰੀਕਾ ਦੇ ਨਵੇਂ ਪ੍ਰਸ਼ਾਸਨ ਨੇੜਲੇ ਸੂਤਰਾਂ ਅਨੁਸਾਰ ਰੂਬੀਓ ਤੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਭਾਰਤ-ਅਮਰੀਕਾ ਸਬੰਧਾਂ ਨੂੰ ਅਗਲੇ ਪੱਧਰ ’ਤੇ ਲਿਜਾਣ ਨੂੰ ਤਰਜੀਹ ਦੇਣਗੇ। ਸੂਤਰਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਵਜੋਂ ਆਪਣੇ ਨਾਂ ਦੀ ਪੁਸ਼ਟੀ ਹੋਣ ਮਗਰੋਂ ਰੂਬੀਓ ਜੈਸ਼ੰਕਰ ਨਾਲ ਆਪਣੀ ਪਹਿਲੀ ਦੁਵੱਲੀ ਮੀਟਿੰਗ ਕਰਨ ਦੇ ਇੱਛੁਕ ਹਨ।