ਡੋਨਾਲਡ ਟਰੰਪ ਦਾ ਉਦਘਾਟਨ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ

ਡੋਨਾਲਡ ਟਰੰਪ ਦਾ ਉਦਘਾਟਨ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣਗੇ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ

ਅੰਬਾਨੀ ਦੰਪਤੀ ਨੇ ਲੰਘੀ ਰਾਤ ਟਰੰਪ ਵੱਲੋਂ ਦਿੱਤੀ ਕੈਂਡਲ ਲਾਈਟ ਦਾਅਵਤ ’ਚ ਵੀ ਕੀਤੀ ਸ਼ਿਰਕਤ

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਲਕੇ ਹੋਣ ਵਾਲੇ ਹਲਫ਼ਦਾਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਅੰਬਾਨੀ ਦੰਪਤੀ, ਜੋ 18 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚ ਗਏ ਸਨ, ਉਨ੍ਹਾਂ 100 ਮਹਿਮਾਨਾਂ ਵਿਚ ਸ਼ਾਮਲ ਸਨ ਜਿਨ੍ਹਾਂ ਲੰਘੀ ਸ਼ਾਮ ਟਰੰਪ ਨਾਲ ‘ਕੈਂਡਲ ਲਾਈਟ ਡਿੱਨਰ’ ਕੀਤਾ ਸੀ। ਉਹ ਮਹਿਮਾਨਾਂ ਦੀ ਸੂਚੀ ਵਿਚ ਸ਼ਾਮਲ ਇਕੱਲੇ ਭਾਰਤੀ ਸਨ, ਜਿੱਥੇ ਮਨੋਨੀਤ ਉਪ ਰਾਸ਼ਟਰਪਤੀ ਜੇਡੀ ਵਾਂਸ ਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਂਸ ਵੀ ਮੌਜੂਦ ਸੀ। ਜਾਣਕਾਰੀ ਅਨੁਸਾਰ ਅੰਬਾਨੀ ਦੰਪਤੀ ਟਰੰਪ ਪਰਿਵਾਰ ਦੇ ਨਿੱਜੀ ਸੱਦੇ ਉੱਤੇ 20 ਜਨਵਰੀ ਨੂੰ ਹੋਣ ਵਾਲੇ ਹਲਫ਼ਦਾਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਅੰਬਾਨੀਆਂ ਦੇ ਟਰੰਪ ਪਰਿਵਾਰ ਨਾਲ ਨੇੜਲੇ ਰਿਸ਼ਤੇ ਹਨ। 2017 ਵਿੱਚ ਜਦੋਂ ਡੋਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਗਲੋਬਲ ਐਂਟਰਪ੍ਰਿਨਿਓਰਸ਼ਿਪ ਸੰਮੇਲਨ ਲਈ ਹੈਦਰਾਬਾਦ ਆਈ ਸੀ, ਤਾਂ ਮੁਕੇਸ਼ ਅੰਬਾਨੀ ਉੱਥੇ ਮੌਜੂਦ ਸੀ। ਇਵਾਂਕਾ ਉਸ ਸਮੇਂ ਰਾਸ਼ਟਰਪਤੀ ਟਰੰਪ ਦੀ ਸਲਾਹਕਾਰ ਸੀ। ਉਹ ਫਰਵਰੀ 2020 ਵਿੱਚ ਜਦੋਂ ਟਰੰਪ ਅਮਰੀਕੀ ਰਾਸ਼ਟਰਪਤੀ ਵਜੋਂ ਆਖਰੀ ਵਾਰ ਭਾਰਤ ਆਏ ਸਨ ਤਾਂ ਵੀ ਮੌਜੂਦ ਸਨ।

ad