ਟਰੰਪ ਅੱਜ ਲੈਣਗੇ ਰਾਸ਼ਟਰਪਤੀ ਵਜੋਂ ਹਲਫ਼

ਵਾਸ਼ਿੰਗਟਨ,(ਇੰਡੋ ਕਨੇਡੀਅਨ ਟਾਇਮਜ਼)- ਰਿਪਬਲਿਕਨ ਆਗੂ ਡੋਨਲਡ ਟਰੰਪ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣਗੇ। ਉਹ ਵਿਸ਼ੇਸ਼ ਜਹਾਜ਼ ਰਾਹੀਂ ਪਰਿਵਾਰ ਸਣੇ ਵਾਸ਼ਿੰਗਟਨ ਡੀਸੀ ਪਹੁੰਚ ਗਏ ਹਨ ਅਤੇ ਉਨ੍ਹਾਂ ਜਸ਼ਨਾਂ ਸਬੰਧੀ ਪ੍ਰੋਗਰਾਮਾਂ ’ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ। ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਹਿੱਸਾ ਲੈਣ ਲਈ ਮਹਿਮਾਨ ਇਥੇ ਪੁੱਜਣਾ ਸ਼ੁਰੂ ਹੋ ਗਏ ਹਨ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਧਮਕੀ ਦਿੱਤੀ ਸੀ ਕਿ ਉਹ ਚੀਨ, ਕੈਨੇਡਾ ਅਤੇ ਭਾਰਤ ਸਮੇਤ ਹੋਰ ਮੁਲਕਾਂ ’ਤੇ ਵਾਧੂ ਟੈਕਸ ਲਗਾਉਣਗੇ। ਪਰ ਹੁਣ ਟਰੰਪ ਦੇ ਸੁਰ ਥੋੜ੍ਹੇ ਨਰਮ ਪੈਂਦੇ ਜਾ ਰਹੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਟਰੰਪ ਨੇ ਆਪਣੇ ਸਲਾਹਕਾਰਾਂ ਨੂੰ ਕਿਹਾ ਹੈ ਕਿ ਉਹ ਰਾਸ਼ਟਰਪਤੀ ਬਣਨ ਮਗਰੋਂ ਚੀਨ ਅਤੇ ਭਾਰਤ ਦਾ ਦੌਰਾ ਕਰਨਾ ਚਾਹੁੰਦੇ ਹਨ। ‘ਦਿ ਵਾਲ ਸਟਰੀਟ ਜਰਨਲ’ ਦੀ ਰਿਪੋਰਟ ਮੁਤਾਬਕ ਭਾਰਤ ਨਾਲ ਗੱਲਬਾਤ ਦਾ ਮੁੱਢ ਉਦੋਂ ਬੱਝਿਆ ਸੀ ਜਦੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪਿਛਲੇ ਮਹੀਨੇ ਕ੍ਰਿਸਮਸ ਦੇ ਆਸ-ਪਾਸ ਵਾਸ਼ਿੰਗਟਨ ਡੀਸੀ ਦਾ ਦੌਰਾ ਕੀਤਾ ਸੀ। ਭਾਰਤ ਨੇ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨੀ ਹੈ ਜਿਸ ’ਚ ਆਸਟਰੇਲੀਆ, ਜਪਾਨ ਅਤੇ ਅਮਰੀਕਾ ਦੇ ਆਗੂ ਸ਼ਮੂਲੀਅਤ ਕਰਨਗੇ। ਟਰੰਪ ਅਪਰੈਲ ਜਾਂ ਫਿਰ ਬਾਅਦ ’ਚ ਭਾਰਤ ਦਾ ਦੌਰਾ ਕਰ ਸਕਦੇ ਹਨ। ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵ੍ਹਾਈਟ ਹਾਊਸ ’ਚ ਮੀਟਿੰਗ ਦਾ ਸੱਦਾ ਵੀ ਦੇ ਸਕਦੇ ਹਨ। ਭਾਰਤ ਵੱਲੋਂ ਟਰੰਪ ਦੇ ਹਲਫ਼ਦਾਰੀ ਸਮਾਗਮ ’ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਹਿੱਸਾ ਲੈਣਗੇ। ਕੁਝ ਦਿਨ ਪਹਿਲਾਂ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਹਲਫ਼ਦਾਰੀ ਸਮਾਗਮ ’ਚ ਆਉਣ ਦਾ ਸੱਦਾ ਦਿੱਤਾ ਸੀ। ਜਿਨਪਿੰਗ ਨੇ ਉਪ ਰਾਸ਼ਟਰਪਤੀ ਹਾਨ ਜ਼ੇਂਗ ਨੂੰ ਹਲਫ਼ਦਾਰੀ ਸਮਾਗਮ ’ਚ ਸ਼ਾਮਲ ਹੋਣ ਲਈ ਭੇਜਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੋਈ ਸੀਨੀਅਰ ਚੀਨੀ ਆਗੂ ਅਮਰੀਕੀ ਰਾਸ਼ਟਰਪਤੀ ਦੇ ਹਲਫ਼ਦਾਰੀ ਸਮਾਗਮ ’ਚ ਮੌਜੂਦ ਹੋਵੇਗਾ। ਟਰੰਪ ਨੇ ‘ਟਰੁੱਥ ਸੋਸ਼ਲ’ ’ਤੇ ਕਿਹਾ ਕਿ ਉਨ੍ਹਾਂ ਦੀ ਚੀਨ ਦੇ ਚੇਅਰਮੈਨ ਸ਼ੀ ਜਿਨਪਿੰਗ ਨਾਲ ਬਹੁਤ ਵਧੀਆ ਗੱਲਬਾਤ ਹੋਈ ਹੈ ਅਤੇ ਆਸ ਜਤਾਈ ਕਿ ਦੋਵੇਂ ਮੁਲਕ ਮੁਸ਼ਕਲਾਂ ਦਾ ਛੇਤੀ ਹੱਲ ਕੱਢ ਲੈਣਗੇ।
ਮੁਕੇਸ਼ ਅਤੇ ਨੀਤਾ ਅੰਬਾਨੀ ਹਲਫ਼ਦਾਰੀ ਸਮਾਗਮ ਲਈ ਅਮਰੀਕਾ ਪੁੱਜੇ
ਵਾਸ਼ਿੰਗਟਨ: ਕਾਰੋਬਾਰੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਡੋਨਲਡ ਟਰੰਪ ਦੇ ਭਲਕੇ ਹੋਣ ਵਾਲੇ ਹਲਫ਼ਦਾਰੀ ਸਮਾਗਮ ਵਿਚ ਸ਼ਿਰਕਤ ਕਰਨਗੇ। ਅੰਬਾਨੀ ਜੋੜਾ 18 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚ ਗਿਆ ਸੀ ਅਤੇ ਉਹ ਉਨ੍ਹਾਂ 100 ਮਹਿਮਾਨਾਂ ਵਿਚ ਸ਼ਾਮਲ ਸਨ ਜਿਨ੍ਹਾਂ ਲੰਘੀ ਸ਼ਾਮ ਟਰੰਪ ਨਾਲ ‘ਕੈਂਡਲ ਲਾਈਟ ਡਿਨਰ’ ਕੀਤਾ। ਪ੍ਰੋਗਰਾਮ ਦੌਰਾਨ ਮਨੋਨੀਤ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵਾਂਸ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ ਅੰਬਾਨੀ ਜੋੜਾ ਟਰੰਪ ਪਰਿਵਾਰ ਦੇ ਨਿੱਜੀ ਸੱਦੇ ਉੱਤੇ 20 ਜਨਵਰੀ ਨੂੰ ਹੋਣ ਵਾਲੇ ਹਲਫ਼ਦਾਰੀ ਸਮਾਗਮ ਵਿਚ ਸ਼ਿਰਕਤ ਕਰੇਗਾ। ਅੰਬਾਨੀ ਦੇ ਟਰੰਪ ਪਰਿਵਾਰ ਨਾਲ ਨੇੜਲੇ ਰਿਸ਼ਤੇ ਹਨ। 2017 ਵਿੱਚ ਜਦੋਂ ਡੋਨਲਡ ਟਰੰਪ ਦੀ ਧੀ ਇਵਾਂਕਾ ਟਰੰਪ ਗਲੋਬਲ ਐਂਟਰਪ੍ਰਿਨਿਓਰਸ਼ਿਪ ਸੰਮੇਲਨ ਲਈ ਹੈਦਰਾਬਾਦ ਆਈ ਸੀ, ਤਾਂ ਮੁਕੇਸ਼ ਅੰਬਾਨੀ ਉੱਥੇ ਮੌਜੂਦ ਸਨ।
ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਵੱਖ ਵੱਖ ਥਾਵਾਂ ’ਤੇ ਪ੍ਰਦਰਸ਼ਨ
ਵਾਸ਼ਿੰਗਟਨ: ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਲਡ ਟਰੰਪ ਦੇ ਹਲਫ਼ ਲੈਣ ਤੋਂ ਇਕ ਦਿਨ ਪਹਿਲਾਂ ਹਜ਼ਾਰਾਂ ਲੋਕਾਂ ਨੇ ਵਾਸ਼ਿੰਗਟਨ ’ਚ ਰੋਸ ਪ੍ਰਦਰਸ਼ਨ ਕੀਤਾ। ਦੱਖਣ ਏਸ਼ਿਆਈ ਲੋਕਾਂ ਦੀ ਜਥੇਬੰਦੀ ‘ਸਖੀ’ ਸਮੇਤ ਹੋਰਾਂ ਨੇ ‘ਪੀਪਲਜ਼ ਮਾਰਚ’ ਦੇ ਬੈਨਰ ਹੇਠ ਪ੍ਰਦਰਸ਼ਨ ਕਰਕੇ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕੀਤਾ। ਪਹਿਲਾਂ ਪੀਪਲਜ਼ ਮਾਰਚ ਨੂੰ ਵਿਮੈੱਨ ਮਾਰਚ ਦਾ ਨਾਮ ਦਿੱਤਾ ਗਿਆ ਸੀ ਜੋ 2017 ਤੋਂ ਹਰ ਸਾਲ ਕੱਢਿਆ ਜਾਂਦਾ ਸੀ। ਇਸੇ ਗਰੁੱਪ ਨੇ ਜਨਵਰੀ 2017 ’ਚ ਵੀ ਪ੍ਰਦਰਸ਼ਨ ਕੀਤੇ ਸਨ ਜਦੋਂ ਟਰੰਪ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਟਰੰਪ ਵਿਰੋਧੀ ਬੈਨਰ ਫੜੇ ਹੋਏ ਸਨ ਅਤੇ ਉਹ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਟਰੰਪ ਦੇ ਹਮਾਇਤੀਆਂ ਐਲਨ ਮਸਕ ਸਮੇਤ ਹੋਰਾਂ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਤਿੰਨ ਵੱਖ ਵੱਖ ਪਾਰਕਾਂ ਤੋਂ ਪ੍ਰਦਰਸ਼ਨ ਸ਼ੁਰੂ ਹੋਏ ਜੋ ਲਿੰਕਨ ਮੈਮੋਰੀਅਲ ਨੇੜੇ ਆ ਕੇ ਸਮਾਪਤ ਹੋਏ। ਅਜਿਹੇ ਮਾਰਚ ਨਿਊਯਾਰਕ, ਸਿਆਟਲ ਅਤੇ ਸ਼ਿਕਾਗੋ ਸਮੇਤ ਹੋਰ ਕਈ ਸ਼ਹਿਰਾਂ ’ਚ ਵੀ ਕੀਤੇ ਗਏ।