ਕਨੇਡਾ ਦੀ ਪਾਰਲੀਮੈਂਟ ’ਚ ਹਥਿਆਰਬੰਦ ਮਸ਼ਕੂਕ ਦਾਖ਼ਲ; ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਬੂ

ਕਨੇਡਾ ਦੀ ਪਾਰਲੀਮੈਂਟ ’ਚ ਹਥਿਆਰਬੰਦ ਮਸ਼ਕੂਕ ਦਾਖ਼ਲ; ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਕਾਬੂ

ਕਿਸੇ ਜਾਨੀ ਨੁਕਸਾਨ ਤੋਂ ਬਚਾਅ; ਅਮਲੇ ਦੇ ਮੈਂਬਰਾਂ ਨੇ ਕਮਰਿਆਂ ’ਚ ਲੁਕ ਕੇ ਬਚਾਈ ਜਾਨ; ਕੈਨੇਡੀਅਨ ਪੁਲੀਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਵੇਗੀ ਮੁਕੰਮਲ ਜਾਣਕਾਰੀ

ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਕਨੇਡੀਅਨ ਸੰਸਦ ਵਿੱਚ ਹਥਿਆਰਬੰਦ ਸ਼ੱਕੀ ਵੜਿਆ; ਓਟਵਾ ਵਿਚ ਕੈਨੇਡਾ ਦੀ ਪਾਰਲੀਮੈਂਟ ਦੇ ਈ-ਬਲਾਕ ਵਿਚ ਸ਼ਨਿੱਚਰਵਾਰ ਦੁਪਹਿਰੇ ਇਕ ਹਥਿਆਰਬੰਦ ਮਸ਼ਕੂਕ ਦਾਖ਼ਲ ਹੋ ਗਿਆ। ਕੈਨੇਡਿਆਈ ਪੁਲੀਸ ਨੇ ਹਾਲਾਂਕਿ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਮੁਲਜ਼ਮ ਨੂੰ ਕਾਬੂ ਕਰ ਲਿਆ। ਉਂਝ ਇਸ ਦੌਰਾਨ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਤੇ ਅਮਲੇ ਦੇ ਮੈਂਬਰਾਂ ਨੇ ਕਮਰਿਆਂ ’ਚ ਲੁਕ ਕੇ ਜਾਨ ਬਚਾਈ। ਪੁਲੀਸ ਨੇ ਕਿਹਾ ਕਿ ਇਸ ਪੂਰੀ ਘਟਨਾ ਬਾਰੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਸੱਦ ਵਿਸਥਾਰਤ ਜਾਣਕਾਰੀ ਦਿੱਤੀ ਜਾਵੇਗੀ।

ਜਾਣਕਾਰੀ ਅਨੁਸਾਰ ਹਥਿਆਰਬੰਦ ਵਿਅਕਤੀ ਦੁਪਹਿਰ ਪੌਣੇ ਤਿੰਨ ਵਜੇ ਦੇ ਕਰੀਬ ਸੰਸਦ ਦੇ ਈ ਬਲਾਕ ਵਿਚ ਦਾਖ਼ਲ ਹੋਇਆ। ਸੰਸਦੀ ਅਮਲੇ ਦੇ ਮੈਂਬਰ ਜਾਨ ਬਚਾਉਣ ਲਈ ਨਾਲ ਲੱਗਦੇ ਕਮਰਿਆਂ ਵਿੱਚ ਲੁਕ ਗਏ ਤੇ ਅੰਦਰੋਂ ਤਾਲੇ ਲਾ ਲਏ। ਉਧਰ ਪਾਰਲੀਮੈਂਟ ਪ੍ਰੋਟੈਕਟਿਵ ਸੇਵਾ ਦਲ ਨੂੰ ਹਫੜਾ ਦਫੜੀ ਪੈ ਗਈ ਤੇ ਇਸ ਦੌਰਾਨ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ।

ਓਟਵਾ ਵਿਚ ਕੈਨੇਡੀਅਨ ਸੰਸਦ ਦੀ ਘੇਰਾਬੰਦੀ ਮਗਰੋਂ ਤਾਇਨਾਤ ਸੁਰੱਖਿਆ ਕਰਮੀ। ਫੋਟੋ: ਰਾਇਟਰਜ਼
ਅੰਦਰ ਫਸੇ ਲੋਕਾਂ ਨੂੰ ਹੋਰ ਦਰਵਾਜ਼ਿਆਂ ਰਾਹੀਂ ਬਾਹਰ ਕੱਢ ਕੇ ਇਮਾਰਤ ਖਾਲੀ ਕਰਵਾਈ ਗਈ। ਪੁਲੀਸ ਨੇ ਪਾਰਲੀਮੈਂਟ ਹਿੱਲ (ਸੰਸਦੀ ਭਵਨ) ਦੁਆਲੇ ਸਾਰੀਆਂ ਸੜਕਾਂ ਬੰਦ ਕਰ ਦਿੱਤੀਆਂ ਤੇ ਪਾਰਲੀਮੈਂਟ ਦੀ ਘੇਰਾਬੰਦੀ ਕਰ ਦਿੱਤੀ। ਪੁਲੀਸ ਨੇ ਹਥਿਆਰਬੰਦ ਮਸ਼ਕੂਕ ਨੂੰ ਬਾਹਰ ਆਉਣ ਲਈ ਕਈ ਚੇਤਾਵਨੀਆਂ ਵੀ ਦਿੱਤੀਆਂ। ਦੱਸ ਦੇਈਏ ਕਿ ਸੰਸਦ ਭਵਨ ਦੇ ਈ-ਬਲਾਕ ਵਿੱਚ ਸੈਨੇਟਰਾਂ ਤੇ ਉਨ੍ਹਾਂ ਦੇ ਸਹਾਇਕ ਅਮਲੇ ਦੇ ਦਫ਼ਤਰ ਹਨ। ਪੁਲੀਸ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਰਿਬੋਟ ਦੀ ਮਦਦ ਨਾਲ ਹਥਿਆਰਬੰਦ ਮਸ਼ਕੂਕ ਨੂੰ ਗ੍ਰਿਫਤਾਰ ਕਰ ਲਿਆ ਹੈ।
 

ad