ਕੈਨੇਡਾ: ਮਾਰਕ ਕਾਰਨੇ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ

ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ’ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ
ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਸਫ਼ਲ ਬੈਂਕਰ ਸਾਬਤ ਹੋ ਚੁੱਕੇ ਮਾਰਕ ਕਾਰਨੇ ਵਲੋਂ ਕਨੇਡਾ ਦੀ ਲਿਬਰਲ ਪਾਰਟੀ ਦੀ ਕਮਾਂਡ ਸੰਭਾਲਣ ਅਤੇ ਪ੍ਰਧਾਨ ਮੰਤਰੀ ਬਣਨ ਮਗਰੋਂ ਪਾਰਟੀ ਦਾ ਉਭਾਰ ਹੋਣ ਲੱਗਾ ਹੈ। ਇਸ ਤੋਂ ਪਹਿਲਾਂ ਪਾਰਟੀ ਦੀ ਲੋਕਪ੍ਰਿਅਤਾ ’ਚ ਨਿਘਾਰ ਆ ਰਿਹਾ ਸੀ।
9 ਮਾਰਚ ਨੂੰ ਬਹੁਮਤ ਨਾਲ ਪਾਰਟੀ ਲੀਡਰ ਬਣੇ ਮਾਰਕ ਕਾਰਨੇ ਵਲੋਂ 14 ਮਾਰਚ ਨੂੰ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਦੇ ਚਾਰ ਦਿਨ ਬਾਅਦ ਭਰੋਸੇਯੋਗ ਸਰਵੇਖਣ ਏਜੰਸੀ ਦੇ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਜੇ ਹੁਣੇ ਸੰਸਦੀ ਚੋਣਾਂ ਹੋ ਜਾਣ ਤਾਂ ਲਿਬਰਲ ਪਾਰਟੀ 338 ਮੈਂਬਰੀ ਹਾਊਸ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ। ਤਿੰਨ ਮਹੀਨੇ ਪਹਿਲਾਂ (ਦਸੰਬਰ ’ਚ) ਕਰਵਾਏ ਸਰਵੇਖਣਾਂ ’ਚ ਵਿਰੋਧੀ ਪਾਰਟੀ (ਕੰਜ਼ਰਵੇਟਿਵ) ਲਿਬਰਲ ਤੋਂ ਕਾਫੀ ਅੱਗੇ ਸੀ। ਉਦੋਂ ਲਿਬਰਲ ਪਾਰਟੀ 28 ਫ਼ੀਸਦ ਦੇ ਅੰਕੜੇ ’ਤੇ ਸੀ, ਜਦ ਕਿ ਕੰਜ਼ਰੇਟਿਵ ਪਾਰਟੀ (ਟੋਰੀ) 43 ਫ਼ੀਸਦ ਤੱਕ ਪਹੁੰਚ ਗਏ ਸਨ ਪਰ ਮਾਰਕ ਕਾਰਨੇ ਦੀ ਤਾਜਪੋਸ਼ੀ ਮਗਰੋਂ ਹੋਏ ਸਰਵੇਖਣਾਂ ਨੇ ਸਥਿਤੀ ’ਚ ਵੱਡਾ ਉਲਟਫੇਰ ਹੋਇਆ ਹੈ।
ਇਪਸੌਸ ਏਜੰਸੀ ਦੇ ਸਰਵੇਖਣ ਮੁਤਾਬਕ ਹੁਣੇ ਲੋਕ ਸਭਾ ਚੋਣਾਂ ਹੋਣ ਦੀ ਹਾਲਤ ’ਚ ਵੋਟਾਂ ਲਈ ਮਨ ਬਣਾ ਚੁੱਕੇ 42 ਫ਼ੀਸਦ ਵੋਟਰਾਂ ਦੀ ਪਸੰਦ ਲਿਬਰਲ ਪਾਰਟੀ ਹੋਵੇਗੀ, ਜਦ ਕਿ ਟੋਰੀਆਂ ਦਾ ਸਮਰਥਨ ਘਟ ਕੇ 36 ਫ਼ੀਸਦ ਰਹਿ ਗਿਆ ਹੈ। ਬੇਸ਼ੱਕ ਅਗਲੀਆਂ ਸੰਸਦੀ ਚੋਣਾਂ 20 ਅਕਤੂਬਰ ਨੂੰ ਹੋਣੀਆਂ ਹਨ ਪਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਮਾਰਕ ਕਾਰਨੇ ਨੇ ਸੰਕੇਤ ਦਿੱਤਾ ਸੀ ਕਿ ਉਹ 24 ਮਾਰਚ ਨੂੰ ਸੰਸਦ ਦਾ ਬਸੰਤ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭੰਗ ਕਰਕੇ ਦੇਸ਼ ਦੀ ਗਵਰਨਰ ਜਨਰਲ ਤੋਂ ਚੋਣਾਂ ਦਾ ਐਲਾਨ ਕਰਵਾ ਸਕਦੇ ਹਨ। ਸਰਵੇਖਣ ਤੇ ਅਸਲੀਅਤ ਵਿਚਲੇ ਫ਼ਰਕ ਦਾ ਪਤਾ ਚੋਣ ਨਤੀਜੇ ਤੋਂ ਬਾਅਦ ਲੱਗੇਗਾ।
ਦੋਵਾਂ ਪਾਰਟੀਆਂ ਦੀ ਮਕਬੂਲੀਅਤ ਦਾ ਫ਼ਰਕ ਘਟਿਆ: ਬੈਕਰ
ਸਰਵੇਖਣ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡੈਰਲ ਬੈਕਰ ਨੇ ਸਰਵੇਖਣ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਸਰਵੇਖਣ ’ਚ ਸਾਢੇ ਤਿੰਨ ਫ਼ੀਸਦ ਦੀ ਵਾਧ-ਘਾਟ ਦੀ ਗੁੰਜਾਇਸ਼ ਹੈ, ਜਦ ਕਿ ਦੋਹਾਂ ਵੱਡੀਆਂ ਪਾਰਟੀਆਂ ਵਿਚਾਲੇ ਮਕਬੂਲੀਅਤ ਦਾ ਫਰਕ 7 ਫ਼ੀਸਦ ਰਹਿ ਗਿਆ ਹੈ। ਤਾਜ਼ਾ ਹਾਲਾਤ ਨੇ ਐੱਨਡੀਪੀ ਨੂੰ ਖੋਰਾ ਲਾ ਕੇ 10 ਫ਼ੀਸਦ ’ਤੇ ਲੈ ਆਂਦਾ ਹੈ, ਜਦ ਕਿ ਬਲਾਕ ਕਿਊਬਕਵਾ 6 ਫ਼ੀਸਦ ’ਤੇ ਟਿਕੀ ਹੋਈ ਹੈ। ਗਰੀਨ ਪਾਰਟੀ ਖੋਰਾ ਲੱਗ ਕੇ 4 ਤੋਂ 2 ਫੀਸਦ ’ਤੇ ਪਹੁੰਚ ਗਈ ਹੈ।