ਬਰੈਂਪਟਨ: ਵਪਾਰੀ ਦੇ ਘਰ ’ਤੇ ਗੋਲੀਬਾਰੀ; 7 ਪੰਜਾਬੀ ਗ੍ਰਿਫ਼ਤਾਰ

ਭਾਰਤੀ ਮੂਲ ਦੇ ਵਪਾਰੀ ਤੋਂ ਫਿਰੌਤੀ ਮੰਗਣ ਦਾ ਦੋਸ਼
ਵੈਨਕੂਵਰ,(ਇੰਡੋ ਕਨੇਡੀਅਨ ਟਾਇਮਜ਼)- ਓਂਟਾਰੀਓ ਦੀ ਪੀਲ ਪੁਲੀਸ ਨੇ ਫ਼ਿਰੌਤੀ ਲਈ ਬਰੈਂਪਟਨ ਦੇ ਘਰ ’ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਸੱਤ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚੋਂ ਮਨਪ੍ਰੀਤ ਸਿੰਘ (27), ਦਿਲਪ੍ਰੀਤ ਸਿੰਘ (23) ਅਤੇ ਹਰਸ਼ਦੀਪ ਸਿੰਘ (23) ’ਤੇ ਬੀਤੀ 30 ਨਵਬੰਰ ਨੂੰ ਰਾਤ 2 ਵਜੇ ਮੌਂਟਿਨਬੈਰੀ ਰੋਡ ’ਤੇ ਮੌਂਟੈਨਿਸ਼ ਰੋਡ ਕੋਲ ਵਪਾਰੀ ਦੀ ਰਿਹਾਇਸ਼ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਦੇ ਦੋਸ਼ ਹਨ। ਭਾਰਤੀ ਮੂਲ ਦੇ ਵਪਾਰੀ ਨੂੰ ਡਰਾ ਕੇ ਫਿਰੌਤੀ ਮੰਗਣ ਲਈ ਉਸ ਦੇ ਘਰ ’ਤੇ ਦੋ ਵਾਰ ਚਲਾਈਆਂ ਗੋਲੀਆਂ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉੱਥੋਂ ਬੰਦੂਕ ਤੇ ਗੋਲੀ ਸਿੱਕਾ ਮਿਲਿਆ। ਉਸੇ ਘਰ ’ਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ। ਦੋਵੇਂ ਵਾਰ ਘਰ ਦੇ ਮੈਂਬਰ ਸੁਰੱਖਿਅਤ ਰਹੇ। ਦੂਜੀ ਗੋਲੀਬਾਰੀ ਪਹਿਲੇ ਮਸ਼ਕੂਕਾਂ ਦੇ ਜਾਣਕਾਰਾਂ ਵੱਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ ’ਚੋਂ ਮਿਲਣ ’ਤੇ ਇਹ ਸਾਫ਼ ਹੋ ਗਿਆ ਕਿ ਉਹ ਇੱਕੋ ਗਰੋਹ ਦੇ ਮੈਂਬਰ ਹਨ। ਪੁਲੀਸ ਨੇ ਮਸ਼ਕੂਕਾਂ ਧਰਮਪ੍ਰੀਤ ਸਿੰਘ (25), ਮਨਪ੍ਰਤਾਪ ਸਿੰਘ (27), ਆਤਮਜੀਤ ਸਿੰਘ (30) ਤੇ ਅਰਵਿੰਦਰਪਾਲ ਸਿੰਘ (21) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਕੈਨੇਡਾ ਨੇ ਪਰਿਵਾਰਕ ਵਰਕ ਪਰਮਿਟ ਦੇਣੇ ਵੀ ਬੰਦ ਕੀਤੇ
ਵੈਨਕੂਵਰ; ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਕਈ ਸਾਲਾਂ ਤੋਂ ਪਰਿਵਾਰਕ ਕੋਟੇ ਅਧੀਨ ਦਿੱਤੇ ਜਾ ਰਹੇ ਪਤੀ/ਪਤਨੀ (ਸਪਾਊਸ) ਅਤੇ ਬੱਚਿਆਂ ਦੇ ਵਰਕ ਪਰਮਿਟ ਵੀ 21 ਜਨਵਰੀ ਤੋਂ ਦੇਣੇ ਬੰਦ ਕੀਤੇ ਜਾ ਰਹੇ ਹਨ। ਆਵਾਸ ਮੰਤਰੀ ਮਾਈਕ ਮਿਲਰ ਨੇ ਕਿਹਾ ਕਿ ਹੁਣ ਕੁਝ ਖਾਸ ਕਿੱਤਾਕਾਰ ਅਤੇ ਮਾਸਟਰ ਡਿਗਰੀ ਕਰ ਰਹੇ ਵਰਕ ਪਰਮਿਟਧਾਰਕ ਹੀ ਆਪਣੇ ਪਤੀ ਜਾਂ ਪਤਨੀ ਦੇ ਵਰਕ ਪਰਮਿਟ ਲੈਣ ਦੇ ਯੋਗ ਹੋਣਗੇ। ਉਨ੍ਹਾਂ ਕਿਹਾ ਕਿ ਅਸਥਾਈ ਵਰਕ ਪਰਮਿਟ ਵਾਲੇ ਵੀ ਆਪਣੇ ਸਪਾਊਸ ਜਾਂ ਬੱਚਿਆਂ ਦੇ ਵਰਕ ਪਰਮਿਟ ਵਾਸਤੇ ਦਰਖਾਸਤ ਨਹੀਂ ਦੇ ਸਕਣਗੇ। ਹਾਲਾਂਕਿ 16 ਮਹੀਨੇ ਤੋਂ ਵੱਧ ਸਮੇਂ ਦੇ ਮਾਸਟਰ ਪ੍ਰੋਗਰਾਮ ਅਤੇ ਡਾਕਟਰੀ ਪ੍ਰੋਗਰਾਮਾਂ ਸਮੇਤ ਮੈਡੀਕਲ, ਕਾਨੂੰਨ ਅਤੇ ਨਰਸਿੰਗ ਵਰਗੇ ਚੋਣਵੇਂ ਕਿੱਤਿਆਂ ਵਿੱਚ ਅੰਡਰਗ੍ਰੈਜੂਏਟ ਪ੍ਰੋਗਰਾਮਾਂ ’ਚ ਦਾਖਲ ਹੋਏ ਵਿਦਿਆਰਥੀਆਂ ’ਤੇ ਨਵੇਂ ਹੁਕਮ ਲਾਗੂ ਨਹੀਂ ਹੋਣਗੇ।