ਸੰਯੁਕਤ ਰਾਸ਼ਟਰ ਵੱਲੋਂ ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਦਾ ਮਤਾ ਪ੍ਰਵਾਨ
ਸੰਯੁਕਤ ਰਾਸ਼ਟਰ,(ਇੰਡੋ ਕਨੇਡੀਅਨ ਟਾਇਮਜ਼)-ਸੰਯੁਕਤ ਰਾਸ਼ਟਰ (ਯੂਐੱਨ) ਸੁਰੱਖਿਆ ਕੌਂਸਲ ਨੇ ਗਾਜ਼ਾ ’ਚ ਇਜ਼ਰਾਈਲ ਤੇ ਹਮਾਸ ਵਿਚਾਲੇ ਅੱਠ ਮਹੀਨੇ ਤੋਂ ਜਾਰੀ ਜੰਗ ਖਤਮ ਕਰਨ ਦੇ ਮਕਸਦ ਤਹਿਤ ਆਪਣੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਦੀ ਹਮਾਇਤ ਪ੍ਰਾਪਤ ਜੰਗਬੰਦੀ ਦੇ ਮਤੇ ਦਾ ਐਲਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਹ ਮਤਾ ਸਵੀਕਾਰ ਕਰਨ ਲਈ ਯੂਐੱਨ ਦਾ ਧੰਨਵਾਦ ਕੀਤਾ ਤੇ ਹਮਾਸ ਨੂੰ ਮੁੜ ਇਹ ਮਤਾ ਸਵੀਕਾਰ ਕਰਨ ਦੀ ਅਪੀਲ ਕੀਤੀ।
ਅਮਰੀਕਾ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਇਹ ਮਤਾ ਸਵੀਕਾਰ ਕਰ ਲਿਆ ਹੈ। ਦੂਜੇ ਪਾਸੇ ਸਾਰਿਆਂ ਦੀਆਂ ਨਜ਼ਰਾਂ ਕੱਟੜਪੰਥੀ ਫ਼ਲਸਤੀਨੀ ਸਮੂਹ ਹਮਾਸ ’ਤੇ ਹਨ ਜਿਸ ਨੇ ਤਿੰਨ ਗੇੜਾਂ ਵਾਲੇ ਇਸ ਮਤੇ ਨੂੰ ਸਵੀਕਾਰ ਨਹੀਂ ਕੀਤਾ ਹੈ। ਸੁਰੱਖਿਆ ਕੌਂਸਲ ਦੇ 15 ਮੈਂਬਰ ਮੁਲਕਾਂ ’ਚੋਂ 14 ਨੇ ਇਸ ਮਤੇ ਦੀ ਹਮਾਇਤ ਕਰਦਿਆਂ ਇਸ ਨੂੰ ਬਹੁਮਤ ਨਾਲ ਪ੍ਰਵਾਨਗੀ ਦੇ ਦਿੱਤੀ ਹੈ। ਰੂਸ ਹਾਲਾਂਕਿ ਇਸ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ। ਇਸ ਮਤੇ ’ਚ ਇਜ਼ਰਾਈਲ ਤੇ ਹਮਾਸ ਨੂੰ ਬਿਨਾਂ ਕਿਸੇ ਸ਼ਰਤ ਤੇ ਦੇਰੀ ਦੇ ਇਸ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਜ਼ਰਾਈਲ ਤੇ ਹਮਾਸ ਇਸ ਯੋਜਨਾ ’ਤੇ ਸਹਿਮਤ ਹੋਣਗੇ ਜਾਂ ਨਹੀਂ, ਇਸ ’ਤੇ ਸਵਾਲੀਆ ਨਿਸ਼ਾਨ ਬਰਕਰਾਰ ਹੈ ਪਰ ਸੁਰੱਖਿਆ ਕੌਂਸਲ ਨੇ ਮਜ਼ਬੂਤੀ ਨਾਲ ਇਸ ਮਤੇ ਦੀ ਹਮਾਇਤ ਕੀਤੀ ਹੈ ਅਤੇ ਦੋਵਾਂ ਧਿਰਾਂ ’ਤੇ ਮਤੇ ਨੂੰ ਪ੍ਰਵਾਨ ਕਰਨ ਲਈ ਦਬਾਅ ਵਧਾਇਆ ਗਿਆ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਬੀਤੇ ਦਿਨ ਇਜ਼ਰਾਈਲ ਪੁੱਜੇ ਜਿੱਥੇ ਉਨ੍ਹਾਂ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗਾਜ਼ਾ ’ਚ ਜੰਗ ਤੋਂ ਬਾਅਦ ਲਈ ਯੋਜਨਾ ਸਵੀਕਾਰ ਕਰਨ ਦੀ ਅਪੀਲ ਕੀਤੀ। ਇੰਨਾ ਹੀ ਨਹੀਂ ਉਨ੍ਹਾਂ ਜੰਗਬੰਦੀ ਦਾ ਮਤਾ ਸਵੀਕਾਰ ਕਰਨ ਲਈ ਹਮਾਸ ’ਤੇ ਹੋਰ ਕੌਮਾਂਤਰੀ ਦਬਾਅ ਬਣਾਉਣ ਦੀ ਵੀ ਵਕਾਲਤ ਕੀਤੀ। ਸਮਝੌਤੇ ਪ੍ਰਤੀ ਨੇਤਨਯਾਹੂ ਦਾ ਰਵੱਈਆ ਸ਼ੱਕੀ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਇਜ਼ਰਾਈਲ, ਹਮਾਸ ਦੇ ਮੁਕੰਮਲ ਖਾਤਮੇ ਲਈ ਪ੍ਰਤੀਬੱਧ ਹੈ। ਦੂਜੇ ਪਾਸੇ ਹਮਾਸ ਨੇ ਕਿਹਾ ਹੈ ਕਿ ਉਹ ਮਤੇ ਨੂੰ ਪ੍ਰਵਾਨਗੀ ਦੇਣ ਦੇ ਕਦਮ ਦਾ ਸਵਾਗਤ ਕਰਦਾ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਨਾ ਕਰਕੇ ਸਾਲਸਾਂ ਨਾਲ ਕੰਮ ਕਰਨ ਲਈ ਤਿਆਰ ਹੈ। ਹਮਾਸ ਦੇ ਤਰਜਮਾਨ ਜਿਹਾਦ ਤਾਹਾ ਨੇ ਕਿਹਾ ਕਿ ਇਜ਼ਰਾਈਲ ਹਮਲਾਵਰ ਰੁਖ਼ ਜਾਰੀ ਰਖਦਿਆਂ ਟਾਲ ਮਟੋਲ ਕਰ ਰਿਹਾ ਹੈ ਅਤੇ ਸਮਝੌਤਾ ਲਾਗੂ ਕਰਨ ਦੇ ਰਾਹ ’ਚ ਅੜਿੱਕੇ ਪਾ ਰਿਹਾ ਹੈ।
.jpg)
.jpg)



.jpg)
.jpg)
.jpg)
.jpg)


.jpg)

.jpg)



.jpg)