ਯੂਕਰੇਨ ’ਤੇ ਰੂਸੀ ਮਿਜ਼ਾਈਲ ਹਮਲੇ ਨੇ ਕੈਂਸਰ ਪੀੜਤ ਬੱਚਿਆਂ ਦੀਆਂ ਮੁਸ਼ਕਲਾਂ ਵਧਾਈਆਂ

ਯੂਕਰੇਨ ’ਤੇ ਰੂਸੀ ਮਿਜ਼ਾਈਲ ਹਮਲੇ ਨੇ ਕੈਂਸਰ ਪੀੜਤ ਬੱਚਿਆਂ ਦੀਆਂ ਮੁਸ਼ਕਲਾਂ ਵਧਾਈਆਂ

ਕੀਵ,(ਇੰਡੋਂ ਕਨੇਡੀਅਨ ਟਾਇਮਜ਼)- ਯੂਕਰੇਨ ’ਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ’ਤੇ ਇਸ ਹਫ਼ਤੇ ਰੂਸ ਦੇ ਮਿਜ਼ਾਈਲ ਹਮਲੇ ਮਗਰੋਂ ਕੈਂਸਰ ਨਾਲ ਜੂਝ ਰਹੇ ਕਈ ਬੱਚਿਆਂ ਨੂੰ ਇੱਥੋਂ ਨਿਕਲਣਾ ਪਿਆ ਜਿਸ ਨਾਲ ਕੀਵ ਦੀ ਕੌਮੀ ਕੈਂਸਰ ਸੰਸਥਾ ’ਤੇ ਦਬਾਅ ਵਧ ਗਿਆ ਹੈ।
ਯੂਕਰੇਨ ਦੀ ਰਾਜਧਾਨੀ ਕੀਵ ’ਚ ਚਾਰ ਮਹੀਨਿਆਂ ’ਚ ਰੂਸ ਦੇ ਸਭ ਤੋਂ ਵੱਡੇ ਹਮਲੇ ਕਾਰਨ ਲੰਘੇ ਸੋਮਵਾਰ ਨੂੰ ਓਖਮਾਦਿਤ ਬੱਚਿਆਂ ਦਾ ਹਸਪਤਾਲ ਬੁਰੀ ਤਰ੍ਹਾਂ ਤਬਾਹ ਹੋ ਗਿਆ ਜਿਸ ਨਾਲ ਪਹਿਲਾਂ ਤੋਂ ਹੀ ਜਾਨਲੇਵਾ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ’ਤੇ ਗੰਭੀਰ ਅਸਰ ਪਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਸਹਿਮ ਵਿੱਚ ਜੀਅ ਰਹੇ ਹਨ। ਹੁਣ ਕੁਝ ਪਰਿਵਾਰਾਂ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ ਕਿ ਉਹ ਆਪਣੇ ਬੱਚਿਆਂ ਦਾ ਇਲਾਜ ਕਿੱਥੋਂ ਕਰਾਉਣ।
ਉਕਸਾਨਾ ਹਾਲਕ ਨੂੰ ਆਪਣੇ ਦੋ ਸਾਲਾ ਪੁੱਤਰ ਦਿਮਿਤਰੋ ਦੇ ਕੈਂਸਰ ਪੀੜਤ ਹੋਣ ਬਾਰੇ ਜੂਨ ਦੀ ਸ਼ੁਰੂਆਤ ਵਿੱਚ ਹੀ ਪਤਾ ਚੱਲਿਆ। ਉਸ ਨੇ ਆਪਣੇ ਪੁੱਤਰ ਦਾ ਓਖਮਾਦਿਤ ਹਸਪਤਾਲ ’ਚ ਇਲਾਜ ਕਰਾਉਣ ਦਾ ਫ਼ੈਸਲਾ ਕੀਤਾ ਪਰ ਰੂਸੀ ਹਮਲੇ ਮਗਰੋਂ ਉਸ ਨੂੰ ਕੌਮੀ ਕੈਂਸਰ ਸੰਸਥਾ ਲਿਜਾਇਆ ਗਿਆ ਅਤੇ ਹੁਣ ਦਿਮਿਤਰੋ ਉਨ੍ਹਾਂ 31 ਮਰੀਜ਼ਾਂ ’ਚੋਂ ਇੱਕ ਹੈ ਜਿਸ ਨੂੰ ਜੰਗ ਵਿਚਾਲੇ ਇੱਕ ਨਵੇਂ ਹਸਪਤਾਲ ’ਚ ਇਲਾਜ ਕਰਾਉਣਾ ਪਵੇਗਾ। ਓਖਮਾਦਿਤ ਬੰਦ ਹੋਣ ਮਗਰੋਂ ਸ਼ਹਿਰ ਦੇ ਹੋਰ ਹਸਪਤਾਲਾਂ ’ਤੇ ਵੀ ਮਰੀਜ਼ਾਂ ਦਾ ਦਬਾਅ ਵਧ ਗਿਆ ਹੈ। 

ad