ਜੈਸ਼ੰਕਰ ਵੱਲੋਂ ਯੂਏਈ ਨਾਲ ਬਹੁ-ਪੱਖੀ ਵਿਆਪਕ ਰਣਨੀਤਕ ਭਾਈਵਾਲੀ ਦੀ ਸਮੀਖਿਆ

ਜੈਸ਼ੰਕਰ ਵੱਲੋਂ ਯੂਏਈ ਨਾਲ ਬਹੁ-ਪੱਖੀ ਵਿਆਪਕ ਰਣਨੀਤਕ ਭਾਈਵਾਲੀ ਦੀ ਸਮੀਖਿਆ

ਦੁਬਈ, (ਇੰਡੋ ਕਨੇਡੀਅਨ ਟਾਇਮਜ਼) - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਪਣੇ ਹਮਰੁਤਬਾ ਅਬਦੁੱਲ੍ਹਾ ਬਿਨ ਜ਼ਾਇਦ ਅਲ ਨਾਹਯਾਨ ਨਾਲ ਦੋਵਾਂ ਦੇਸ਼ਾਂ ਦਰਮਿਆਨ ਬਹੁਪੱਖੀ ਵਿਆਪਕ ਰਣਨੀਤਕ ਭਾਈਵਾਲੀ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਵਧਾਉਣ ਲਈ ਅਜਿਹੇ ਨਵੇਂ ਖੇਤਰਾਂ ’ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਹਾਲੇ ਸੰਭਾਵਨਾਵਾਂ ਨੂੰ ਖੋਜਿਆ ਨਹੀਂ ਗਿਆ। ਇੱਕ ਅਧਿਕਾਰਿਤ ਬਿਆਨ ਵਿੱਚ ਅੱਜ ਕਿਹਾ ਗਿਆ ਹੈ ਕਿ ਐਤਵਾਰ ਨੂੰ ਯੂਏਈ ਦੌਰੇ ’ਤੇ ਆਏ ਜੈਸ਼ੰਕਰ ਨੇ ਨਾਹਯਾਨ ਨਾਲ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ। ਉਨ੍ਹਾਂ ਆਬੂਧਾਬੀ ਵਿੱਚ ਪ੍ਰਸਿੱਧ ਬੀ.ਏ.ਪੀ.ਐੱਸ. ਹਿੰਦੂ ਮੰਦਰ ਦੇ ਦਰਸ਼ਨ ਕੀਤੇ ਅਤੇ ਅਲ ਨਾਹਯਾਨ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਦਸਵੇਂ ਕੌਮਾਂਤਰੀ ਯੋਗ ਦਿਵਸ ਵਿੱਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਅੱਜ ਕਿਹਾ ਕਿ ਦੋਵਾਂ ਵਿਦੇਸ਼ੀ ਮੰਤਰੀਆਂ ਨੇ ਬਹੁ-ਪੱਖੀ ਭਾਰਤ-ਯੂਏਈ ਵਿਆਪਕ ਰਣਨੀਤਕ ਭਾਈਵਾਲੀ ਦੀ ਸਮੀਖਿਆ ਕੀਤੀ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਦੋਵਾਂ ਆਗੂਆਂ ਨੇ ਵਣਜ ਤੇ ਆਰਥਿਕ ਸਹਿਯੋਗ, ਫਿਨਟੈੱਕ, ਸਿੱਖਿਆ, ਸਭਿਆਚਾਰ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਸਮੇਤ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਹੋਈ ਮਹੱਤਵਪੂਰਨ ਪ੍ਰਗਤੀ ’ਤੇ ਖੁਸ਼ੀ ਪ੍ਰਗਟ ਕੀਤੀ। ਮੰਤਰਾਲੇ ਨੇ ਕਿਹਾ ਕਿ ਦੋਵਾਂ ਮੰਤਰੀਆਂ ਨੇ ਸਹਿਯੋਗ ਵਧਾਉਣ ਲਈ ਅਜਿਹੇ ਨਵੇਂ ਖੇਤਰਾਂ ’ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਹਾਲੇ ਤਕ ਸੰਭਾਵਨਾਵਾਂ ਤਲਾਸ਼ੀਆਂ ਨਹੀਂ ਗਈਆਂ। ਉਨ੍ਹਾਂ ਨੇ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ।

ਇਸ ਤੋਂ ਪਹਿਲਾਂ ਜੈਸ਼ੰਕਰ ਨੇ ਅਬੂਧਾਬੀ ਵਿੱਚ ਬੀਏਪੀਐੱਸ ਹਿੰਦੂ ਮੰਦਰ ਦਾ ਦੌਰਾ ਕੀਤਾ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਫਰਵਰੀ ਨੂੰ ਕੀਤਾ ਸੀ। ਆਪਣੇ ਯੂਏਈ ਹਮਰੁਤਬਾ ਨਾਲ ਮੁਲਾਕਾਤ ਮਗਰੋਂ ਜੈਸ਼ੰਕਰ ਨੇ ‘ਐਕਸ’ ’ਤੇ ਲਿਖਿਆ, ‘‘ਆਬੂਧਾਬੀ ਵਿੱਚ ਅੱਜ ਯੂਏਈ ਦੇ ਵਿਦੇਸ਼ ਮੰਤਰੀ ਅਬਦੁੱਲ੍ਹਾ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰ ਕੇ ਬਹੁਤ ਖੁਸ਼ੀ ਹੋਈ।’

ad