ਰਾਸ਼ਟਰਪਤੀ ਚੋਣ: ਬਾਇਡਨ ਤੇ ਟਰੰਪ ਮਿਹਣੋ-ਮਿਹਣੀ

ਦੋਵਾਂ ਆਗੂਆਂ ਨੇ ਬਹਿਸ ਤੋਂ ਪਹਿਲਾਂ ਤੇ ਬਾਅਦ ’ਚ ਨਹੀਂ ਮਿਲਾਇਆ ਹੱਥ
ਐਟਲਾਂਟਾ,(ਇੰਡੋਂ ਕਨੇਡੀਅਨ ਟਾਇਮਜ਼)- ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਰਿਪਬਲਿਕਨ ਵਿਰੋਧੀ ਡੋਨਲਡ ਟਰੰਪ ਵਿਚਾਲੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਹੋਈ ਪਹਿਲੀ ਬਹਿਸ ਦੌਰਾਨ ਦੋਵਾਂ ਆਗੂਆਂ ਨੇ ਅਰਥਚਾਰੇ, ਸਰਹੱਦ, ਵਿਦੇਸ਼ ਨੀਤੀ, ਗਰਭਪਾਤ ਤੇ ਕੌਮੀ ਸੁਰੱਖਿਆ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਦੋਵਾਂ ਨੇ ਇਕ ਦੂਜੇ ਨੂੰ ਝੂਠਾ ਤੇ ਅਮਰੀਕੀ ਇਤਿਹਾਸ ਦਾ ਸਭ ਤੋਂ ਖਰਾਬ ਰਾਸ਼ਟਰਪਤੀ ਕਰਾਰ ਦਿੱਤਾ। ਵੀਰਵਾਰ ਰਾਤ ਨੂੰ ਬਾਇਡਨ ਤੇ ਟਰੰਪ ਵਿਚਾਲੇ ਲਗਪਗ ਡੇਢ ਘੰਟੇ ਚੱਲੀ ਬਹਿਸ ਦੌਰਾਨ ਦੋਵਾਂ ਨੇ ਇਕ ਦੂਜੇ ’ਤੇ ਨਿੱਜੀ ਹਮਲੇ ਵੀ ਕੀਤੇ। ਬਹਿਸ ਤੋਂ ਪਹਿਲਾਂ ਤੇ ਬਾਅਦ ਵਿਚ ਦੋਵਾਂ ਆਗੂਆਂ ਨੇ ਇਕ ਦੂਜੇ ਨਾਲ ਹੱਥ ਨਹੀਂ ਮਿਲਾਇਆ। ਬਾਇਡਨ ਨੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ‘ਮੂਰਖ ਤੇ ਹਾਰਿਆ ਹੋਇਆ ਵਿਅਕਤੀ’ ਕਰਾਰ ਦਿੱਤਾ। ਡੈਮੋਕਰੈਟਿਕ ਪਾਰਟੀ ਦੇ ਸੰਭਾਵੀ ਉਮੀਦਵਾਰ ਬਾਇਡਨ ਨੇ ਟਰੰਪ ਦਾ ਜ਼ਿਕਰ ਕਰਦਿਆਂ ਕਿਹਾ, ‘‘ਮੈਂ ਹਾਲ ਹੀ ਵਿਚ ‘ਡੀ ਡੇਅ’ ਲਈ ਫਰਾਂਸ ਵਿਚ ਸੀ ਤੇ ਮੈਂ ਉਨ੍ਹਾਂ ਸਾਰੇ ਨਾਇਕਾਂ ਬਾਰੇ ਗੱਲ ਕੀਤੀ ਜਿਨ੍ਹਾਂ ਆਪਣੀਆਂ ਜਾਨਾਂ ਵਾਰੀਆਂ ਸਨ। ਮੈਂ ਪਹਿਲੀ ਤੇ ਦੂਜੀ ਆਲਮੀ ਜੰਗਾਂ ਵਿਚ ਮਾਰੇ ਗਏ ਨਾਇਕਾਂ ਦੇ ਕਬਰਿਸਤਾਨ ਵਿਚ ਗਿਆ, ਜਿੱਥੇ ਉਨ੍ਹਾਂ (ਟਰੰਪ) ਜਾਣ ਤੋਂ ਇਨਕਾਰ ਕੀਤਾ ਸੀ।’’