ਥਾਈਲੈਂਡ: ਥਾਕਸਿਨ ਦੀ ਛੋਟੀ ਧੀ ਨੂੰ ਪ੍ਰਧਾਨ ਮੰਤਰੀ ਚੁਣਿਆ

ਬੈਂਕਾਕ, (ਇੰਡੋ ਕਨੇਡੀਅਨ ਟਾਇਮਜ਼)- ਥਾਈਲੈਂਡ ਦੀ ਸੰਸਦ ’ਚ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਵਾਤਰਾ ਦੀ ਸਭ ਤੋਂ ਛੋਟੀ ਧੀ ਪੈਤੋਂਗਤਾਰਨ ਸ਼ਿਨਵਾਤਰਾ ਨੂੰ ਮੁਲਕ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਹ ਸ਼ਿਨਵਾਤਰਾ ਪਰਿਵਾਰ ਤੋਂ ਥਾਈਲੈਂਡ ਦੀ ਕਮਾਨ ਸੰਭਾਲਣ ਵਾਲੀ ਤੀਜੀ ਆਗੂ ਬਣ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਥਾਕਸਿਨ ਸ਼ਿਨਵਾਤਰਾ ਅਤੇ ਚਾਚੀ ਯਿੰਗਲਕ ਸ਼ਿਨਵਾਤਰਾ ਇਹ ਅਹੁਦਾ ਸੰਭਾਲ ਚੁੱਕੇ ਹਨ। ਥਾਕਸਿਨ ਸ਼ਿਨਵਾਤਰਾ ਨੂੰ ਤਖ਼ਤਾਪਲਟ ਰਾਹੀਂ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਗਿਆ ਸੀ। ਪੈਤੋਂਗਤਾਰਨ ਆਪਣੀ ਚਾਚੀ ਤੋਂ ਬਾਅਦ ਥਾਈਲੈਂਡ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਉਹ ਹੁਕਮਰਾਨ ਪਾਰਟੀ ‘ਫੇਊ ਥਾਈ’ ਦੀ ਆਗੂ ਹੈ ਪਰ ਚੁਣੀ ਹੋਈ ਸੰਸਦ ਮੈਂਬਰ ਨਹੀਂ ਹੈ। ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਹੋਣ ਲਈ ਉਨ੍ਹਾਂ ਦਾ ਸੰਸਦ ਮੈਂਬਰ ਹੋਣਾ ਜ਼ਰੂਰੀ ਨਹੀਂ ਸੀ। ਪੈਤੋਂਗਤਾਰਨ ਇਕਲੌਤੀ ਉਮੀਦਵਾਰ ਸਨ ਅਤੇ ਉਨ੍ਹਾਂ ਨੂੰ ਸੰਸਦ ’ਚ ਵੋਟਿੰਗ ਦੌਰਾਨ ਬਹੁਮਤ ਮਿਲਿਆ।
ਪਿਛਲੇ ਪ੍ਰਧਾਨ ਮੰਤਰੀ ਸ੍ਰੇਥਾ ਥਾਵੀਸਿਨ ਨੂੰ ਦੋ ਦਿਨ ਪਹਿਲਾਂ ਸੰਵਿਧਾਨਕ ਅਦਾਲਤ ਨੇ ਨੈਤਿਕਤਾ ਦੀ ਉਲੰਘਣਾ ਕਾਰਨ ਅਹੁਦੇ ਤੋਂ ਹਟਾ ਦਿੱਤਾ ਸੀ। ਇਹ ਇਕ ਹਫ਼ਤੇ ਅੰਦਰ ਵੱਡਾ ਫ਼ੈਸਲਾ ਸੀ ਜਿਸ ਨੇ ਥਾਈਲੈਂਡ ਦੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ। ਇਸੇ ਅਦਾਲਤ ਨੇ ਪਿਛਲੇ ਹਫ਼ਤੇ ਪ੍ਰੋਗਰੈਸਿਵ ਮੂਵ ਫਾਰਵਰਡ ਪਾਰਟੀ ਨੂੰ ਭੰਗ ਕਰ ਦਿੱਤਾ ਸੀ ਜਿਸ ਨੇ ਪਿਛਲੇ ਸਾਲ ਦੀਆਂ ਆਮ ਚੋਣਾਂ ਜਿੱਤੀਆਂ ਸਨ ਪਰ ਉਨ੍ਹਾਂ ਨੂੰ ਸੱਤਾ ਦੇਣ ਤੋਂ ਰੋਕ ਦਿੱਤਾ ਗਿਆ ਸੀ।