ਸਵੀਡਨ: ਸਿੱਖਿਆ ਕੇਂਦਰ ’ਤੇ ਗੋਲੀਬਾਰੀ ’ਚ 11 ਜਣਿਆਂ ਦੀ ਮੌਤ

ਮ੍ਰਿਤਕਾਂ ’ਚ ਹਮਲਾਵਰ ਵੀ ਸ਼ਾਮਲ; ਹਮਲੇ ’ਚ ਪੰਜ ਗੰਭੀਰ ਜ਼ਖ਼ਮੀ
ਸਟਾਕਹੋਮ,(ਇੰਡੋ ਕਨੇਡੀਅਨ ਟਾਇਮਜ਼)- ਸਵੀਡਨ ਦੇ ਪੱਛਮੀ ਸਟਾਕਹੋਮ ’ਚ ਇੱਕ ਸਿੱਖਿਆ ਕੇਂਦਰ ’ਤੇ ਹੋਈ ਭਾਰੀ ਗੋਲੀਬਾਰੀ ’ਚ ਹਮਲਾਵਰ ਸਮੇਤ ਘੱਟ ਤੋਂ ਘੱਟ 11 ਜਣਿਆਂ ਦੀ ਮੌਤ ਹੋ ਗਈ। ਹਮਲੇ ’ਚ ਪੰਜ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਏ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ’ਚ ਵਾਧਾ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।
ਇਸ ਘਟਨਾ ’ਚ ਸ਼ਾਮਲ ਹਮਲਾਵਰ ਦੇ ਮਕਸਦ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ। ਸਵੀਡਨ ’ਚ ਸਕੂਲਾਂ ਤੇ ਸਿੱਖਿਆ ਕੇਂਦਰ ’ਤੇ ਅਜਿਹੇ ਹਮਲੇ ਦੀਆਂ ਘਟਨਾਵਾਂ ਨਾ ਦੇ ਬਰਾਬਰ ਹੁੰਦੀਆਂ ਹਨ ਜਿਸ ਕਾਰਨ ਇਲਾਕੇ ’ਚ ਭਗਦੜ ਮੱਚ ਗਈ। ਪੁਲੀਸ ਨੇ ਦੱਸਿਆ ਕਿ ਇਸ ਹਮਲੇ ’ਚ ਗੰਭੀਰ ਜ਼ਖ਼ਮੀ ਹੋਈਆਂ ਤਿੰਨ ਮਹਿਲਾਵਾਂ ਸਮੇਤ ਪੰਜ ਜਣਿਆਂ ਦਾ ਓਰੇਬਰੋ ਯੂਨੀਵਰਸਿਟੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਜ਼ਖ਼ਮੀਆਂ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਦੀ ਉਮਰ 18 ਸਾਲ ਤੋਂ ਵੱਧ ਹੈ। ‘ਕੈਂਪਸ ਰਿਸਬਰਗਸਕਾ’ ਨਾਂ ਦਾ ਇਹ ਸਕੂਲ 20 ਤੋਂ ਵੱਧ ਉਮਰ ਦੇ ਲੋਕਾਂ ਲਈ ਪ੍ਰਾਇਮਰੀ ਤੇ ਮਿਡਲ ਸਿੱਖਿਆ ਕਲਾਸਾਂ, ਪਰਵਾਸੀਆਂ ਲਈ ਸਵੀਡਿਸ਼ ਭਾਸ਼ਾ ਦੀਆਂ ਕਲਾਸਾਂ, ਬੌਧਿਕ ਅਸਮਰੱਥਾ ਵਾਲੇ ਬੱਚਿਆਂ ਲਈ ਕਾਰੋਬਾਰੀ ਸਿਖਲਾਈ ਤੇ ਪ੍ਰੋਗਰਾਮ ਮੁਹੱਈਆ ਕਰਦਾ ਹੈ। ਨਿਆਂ ਮੰਤਰੀ ਗੁੰਨਾਰ ਸਟ੍ਰੋਮਰ ਨੇ ਗੋਲੀਬਾਰੀ ਨੂੰ ਇੱਕ ਅਜਿਹੀ ਘਟਨਾ ਕਰਾਰ ਦਿੱਤਾ ਜਿਸ ਨੇ ਪੂਰੇ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੋਲੀਬਾਰੀ ਦੀ ਘਟਨਾ ਬੀਤੇ ਦਿਨ ਦੁਪਹਿਰ ਸਮੇਂ ਉਦੋਂ ਹੋਈ ਜਦੋਂ ਕਈ ਵਿਦਿਆਰਥੀ ਕੌਮੀ ਪ੍ਰੀਖਿਆ ਦੇਣ ਮਗਰੋਂ ਘਰ ਚਲੇ ਗਏ ਸਨ।