ਜਪਾਨੀ ਸੰਗਠਨ ਨਿਹੋਨ ਹਿਦਾਨਕਯੋ ਨੂੰ ਨੋਬੇਲ ਸ਼ਾਂਤੀ ਪੁਰਸਕਾਰ

ਜਪਾਨੀ ਸੰਗਠਨ ਨਿਹੋਨ ਹਿਦਾਨਕਯੋ ਨੂੰ ਨੋਬੇਲ ਸ਼ਾਂਤੀ ਪੁਰਸਕਾਰ

ਸਟਾਕਹੋਮ (ਇੰਡੋ ਕਨੇਡੀਅਨ ਟਾਇਮਜ਼)- ਦੂਜੀ ਵਿਸ਼ਵ ਜੰਗ ਦੌਰਾਨ ਜਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ’ਤੇ ਹੋਏ ਪਰਮਾਣੂ ਹਮਲਿਆਂ ਦੇ ਪੀੜਤਾਂ ਦੇ ਸੰਗਠਨ ਨਿਹੋਨ ਹਿਦਾਨਕਯੋ ਨੂੰ ਪਰਮਾਣੂ ਹਥਿਆਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇਸ ਵਰ੍ਹੇ ਦਾ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਜਾਵੇਗਾ। ਨਾਰਵੇ ਨੋਬੇਲ ਕਮੇਟੀ ਦੇ ਮੁਖੀ ਜੌਰਗਨ ਵਾਤਨੇ ਫ੍ਰੀਡਨੇਸ ਨੇ ਅੱਜ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਕਿ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਮਨਾਹੀ ਅਤੇ ਸਹਿਮਤੀ ਬਣਾਉਣ ਲਈ ਪੈ ਰਹੇ ਦਬਾਅ ਕਾਰਨ ਇਸ ਪੁਰਸਕਾਰ ਲਈ ਸੰਸਥਾ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨੋਬੇਲ ਕਮੇਟੀ ‘ਅਜਿਹੇ ਸਾਰੇ ਜਿਊਂਦੇ ਬਚੇ ਲੋਕਾਂ ਦਾ ਸਨਮਾਨ ਕਰਨਾ ਚਾਹੁੰਦੀ ਹੈ, ਜਿਨ੍ਹਾਂ ਸਰੀਰਕ ਤੇ ਮਾਨਸਿਕ ਪੀੜਾ ਦੇ ਬਾਵਜੂਦ ਸ਼ਾਂਤੀ ਦੀ ਆਸ ਅਤੇ ਇਕ-ਦੂਜੇ ਨੂੰ ਜੋੜਨ ਲਈ ਆਪਣੇ ਤਜਰਬਿਆਂ ਨੂੰ ਸਾਂਝਾ ਕਰਨ ਦਾ ਬਦਲ ਚੁਣਿਆ ਹੈ।’ ਪਰਮਾਣੂ ਹਥਿਆਰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਨੋਬੇਲ ਕਮੇਟੀ ਵੱਲੋਂ ਪਹਿਲਾਂ ਵੀ ਸਨਮਾਨ ਦਿੱਤੇ ਜਾ ਚੁੱਕੇ ਹਨ। ਸੰਸਥਾ ਹਿਦਾਨਕਯੋ ਦੇ ਚੇਅਰਪਰਸਨ ਟੋਮੋਯੂਕੀ ਮਿਮਾਕੀ ਨੂੰ ਜਦੋਂ ਨੋਬੇਲ ਸ਼ਾਂਤੀ ਪੁਰਸਕਾਰ ਮਿਲਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ ਅਤੇ ਅੱਖਾਂ ’ਚ ਹੰਝੂ ਆ ਗਏ।

sant sagar