ਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਕੰਟਰੋਲ ਰੇਖਾ ’ਤੇ ਝੜਪ

ਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਕੰਟਰੋਲ ਰੇਖਾ ’ਤੇ ਝੜਪ

ਭਾਰਤ-ਚੀਨ ਸਰਹੱਦ ’ਤੇ ਸਿੱਕਿਮ ਵਿਚ ਨਾਕੂ ਲਾ ਨੇੜੇ ਦੋਵਾਂ ਮੁਲਕਾਂ ਦੇ ਫ਼ੌਜੀਆਂ ਵਿਚਾਲੇ ਅੱਜ ਝੜਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਦੇ ਕੁਝ ਜਵਾਨਾਂ ਦੇ ਹਲਕੀਆਂ ਸੱਟਾਂ ਲੱਗੀਆਂ। ਇਸ ਤੋਂ ਬਾਅਦ ਫ਼ੌਜ ਵੱਲੋਂ ਅਪਣਾਈ ਜਾਂਦੀ ਪ੍ਰਕਿਰਿਆ ਮੁਤਾਬਕ ਅਧਿਕਾਰੀਆਂ ਨੇ ਸਥਾਨਕ ਪੱਧਰ ’ਤੇ ਹੀ ਮਾਮਲੇ ਨੂੰ ਸੁਲਝਾ ਲਿਆ। ਸੂਤਰਾਂ ਮੁਤਾਬਕ ਅਜਿਹੀ ਘਟਨਾ ਲੰਮੇ ਸਮੇਂ ਬਾਅਦ ਵਾਪਰੀ ਹੈ। ਵੇਰਵਿਆਂ ਮੁਤਾਬਕ ਇਸ ਟਕਰਾਅ ਵਿਚ ਕਰੀਬ 15-20 ਭਾਰਤੀ ਫ਼ੌਜੀ ਸ਼ਾਮਲ ਸਨ ਤੇ ਦੋਵੇਂ ਧਿਰਾਂ ਹੱਥੋਪਾਈ ਹੋਈਆਂ ਹਨ। ਘਟਨਾ ਸਥਾਨ 16,000 ਫੁਟ ਦੀ ਉਚਾਈ ’ਤੇ ਹੈ। ਕੁਝ ਰਿਪੋਰਟਾਂ ਮੁਤਾਬਕ ਦੋਵਾਂ ਮੁਲਕਾਂ ਦੇ ਬਲਾਂ ਨੇ ਇਕ-ਦੂਜੇ ਦੇ ਪੱਥਰ ਵੀ ਮਾਰੇ। ਇਸ ਤੋਂ ਇਲਾਵਾ ਪੂਰਬੀ ਲੱਦਾਖ ਵਿਚ ਵੀ ਦੋਵੇਂ ਧਿਰਾਂ ਭਿੜੀਆਂ ਹਨ। ਇੱਥੇ ਵੀ ਸੈਨਿਕ ਜ਼ਖ਼ਮੀ ਹੋਏ ਹਨ। ਲੱਦਾਖ ਵਿਚਲੀ ਘਟਨਾ 5 ਮਈ ਨੂੰ ਪੈਂਗੌਂਗ ਝੀਲ ਦੇ ਉੱਤਰੀ ਕਿਨਾਰੇ ’ਤੇ ਵਾਪਰੀ ਹੈ। ਦੇਰ ਸ਼ਾਮ ਸ਼ੁਰੂ ਹੋਇਆ ਟਕਰਾਅ ਅਗਲੇ ਦਿਨ ਸਵੇਰੇ ਦੋਵਾਂ ਧਿਰਾਂ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਖ਼ਤਮ ਹੋਇਆ। ਇਸ ਦੌਰਾਨ ਦੋਵਾਂ ਧਿਰਾਂ ਦੇ ਜਵਾਨਾਂ ਨੇ ਇਕ ਦੂਜੇ ਦੇ ਮੁੱਕੇ ਵੀ ਜੜੇ। ਘਟਨਾ ਵਾਪਰਨ ਵੇਲੇ ਕਰੀਬ 200 ਫ਼ੌਜੀ ਜਵਾਨ ਹਾਜ਼ਰ ਸਨ ਜਦਕਿ ਮਗਰੋਂ ਦੋਵਾਂ ਧਿਰਾਂ ਨੂੰ ਹੋਰ ਫ਼ੌਜ ਬੁਲਾਉਣੀ ਪਈ। ਝੀਲ ਲਾਗੇ ਇਸ ਤੋਂ ਪਹਿਲਾਂ ਅਗਸਤ 2017 ਵਿਚ ਵੀ ਅਜਿਹਾ ਹੀ ਟਕਰਾਅ ਹੋਇਆ ਸੀ। ਜ਼ਖ਼ਮੀਆਂ ਦੀ ਸਟੀਕ ਗਿਣਤੀ ਬਾਰੇ ਦੋਵਾਂ ਧਿਰਾਂ ਨੇ ਜਾਣਕਾਰੀ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਅਸਲ ਕੰਟਰੋਲ ਰੇਖਾ ਬਾਰੇ ਭਾਰਤ ਤੇ ਚੀਨ ਵਿਚਾਲੇ ਲੰਮੇ ਸਮੇਂ ਤੋਂ ਟਕਰਾਅ ਹੈ ਤੇ ਵੱਖ-ਵੱਖ ਰਾਇ ਹੈ। ਪੂਰੀ ਘਟਨਾ ਦੀ ਭਾਰਤੀ ਫ਼ੌਜੀਆਂ ਨੇ ਵੀਡੀਓ ਵੀ ਬਣਾਈ ਹੈ। ਫ਼ੌਜ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਰਹੱਦੀ ਮਸਲੇ ਅਜੇ ਉਲਝੇ ਹੋਏ ਹਨ, ਇਸ ਲਈ ਇਸ ਤਰ੍ਹਾਂ ਦੇ ਆਰਜ਼ੀ ਤੇ ਛੋਟੇ ਪੱਧਰ ਦੇ ਟਕਰਾਅ ਆਮ ਤੌਰ ’ਤੇ ਹੋ ਜਾਂਦੇ ਹਨ। ਫ਼ੌਜ ਮੁਤਾਬਕ ਗਰਮੀਆਂ ਵਿਚ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰਦੀਆਂ ਹਨ। ਕੁਝ ਰਿਪੋਰਟਾਂ ਮੁਤਾਬਕ ਟਕਰਾਅ ਉਦੋਂ ਹੋਇਆ ਜਦ ਭਾਰਤੀ ਜਵਾਨਾਂ ਨੇ ਚੀਨੀ ਫ਼ੌਜੀ ਟੋਲੇ ਦੀ ਇਲਾਕੇ ਵਿਚ ਗਸ਼ਤ ਰੋਕੀ।

sant sagar