ਉੱਤਰੀ ਕੋਰੀਆ ਨੇ ਤਿੰਨ ਹਜ਼ਾਰ ਹੋਰ ਫੌ਼ਜੀ ਰੂਸ ਭੇਜੇ

ਕਿਮ ਜੌਂਗ ਉਨ ਨੇ ਨਵੇਂ ਵਿਕਸਤ ਵੱਡੇ ਡਰੋਨਾਂ ਦਾ ਪ੍ਰੀਖਣ ਦੇਖਿਆ
ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਉੱਤਰੀ ਕੋਰੀਆ ਨੇ ਜਨਵਰੀ ਅਤੇ ਫਰਵਰੀ ’ਚ ਕਰੀਬ ਤਿੰਨ ਹਜ਼ਾਰ ਹੋਰ ਫੌਜੀ ਰੂਸ ਭੇਜੇ ਹਨ। ਇਹ ਫੌਜੀ ਯੂਕਰੇਨ ਜੰਗ ’ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਸਹਾਇਤਾ ਲਈ ਭੇਜੇ ਗਏ ਹਨ।
ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਸ ਆਫ਼ ਸਟਾਫ਼ ਨੇ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਰੂਸ ਦੀ ਸਹਾਇਤਾ ਲਈ ਹੋਰ ਮਿਜ਼ਾਈਲਾਂ, ਤੋਪਾਂ ਅਤੇ ਗੋਲਾ-ਬਾਰੂਦ ਵੀ ਭੇਜਿਆ ਜਾ ਰਿਹਾ ਹੈ। ਉੱਤਰੀ ਕੋਰੀਆ, ਯੂਕਰੇਨ ਖ਼ਿਲਾਫ਼ ਜੰਗ ਲਈ ਤਕਰੀਬਨ 11 ਹਜ਼ਾਰ ਫੌਜੀ ਜਵਾਨ ਰੂਸ ਭੇਜ ਚੁੱਕਿਆ ਹੈ। ਜੁਆਇੰਟ ਚੀਫ਼ਸ ਦਾ ਅੰਦਾਜ਼ਾ ਹੈ ਕਿ ਉਨ੍ਹਾਂ ’ਚੋਂ ਕਰੀਬ ਚਾਰ ਹਜ਼ਾਰ ਜਵਾਨ ਜੰਗ ਦੌਰਾਨ ਮਾਰੇ ਜਾ ਚੁੱਕੇ ਹਨ ਜਾਂ ਜ਼ਖ਼ਮੀ ਹੋ ਗਏ ਹਨ। ਇਸ ਦੌਰਾਨ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨੇ ਨਵੇਂ ਵਿਕਸਤ ਕੀਤੇ ਗਏ ਵੱਡੇ ਡਰੋਨਾਂ ਦਾ ਪ੍ਰੀਖਣ ਦੇਖਿਆ ਅਤੇ ਉਨ੍ਹਾਂ ਇਸ ਦਾ ਉਤਪਾਦਨ ਵਧਾਉਣ ਲਈ ਕਿਹਾ।
ਕਿਮ ਨੇ ਡਰੋਨਾਂ ਦੀ ਕਾਰਗੁਜ਼ਾਰੀ ’ਤੇ ਤਸੱਲੀ ਪ੍ਰਗਟ ਕਰਦਿਆਂ ਏਆਈ ਤਕਨੀਕ ’ਤੇ ਜ਼ੋਰ ਦਿੱਤਾ ਤਾਂ ਜੋ ਫੌਜ ਜੰਗ ਦੇ ਆਧੁਨਿਕ ਢੰਗ ਤਰੀਕੇ ਅਪਣਾ ਸਕੇ। ਕਿਮ ਨੇ ਪਿਛਲੇ ਸਾਲ ਅਗਸਤ ਅਤੇ ਨਵੰਬਰ ’ਚ ਵੀ ਡਰੋਨਾਂ ਦਾ ਨਿਰੀਖਣ ਕੀਤਾ ਸੀ। ਦੱਖਣੀ ਕੋਰੀਆ ਦੇ ਜੁਆਇੰਟ ਚੀਫ਼ਸ ਆਫ਼ ਸਟਾਫ਼ ਦੇ ਤਰਜਮਾਨ ਲੀ ਸੁੰਗ ਜੂਨ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਰੂਸ ਦੀ ਸਹਾਇਤਾ ਨਾਲ ਡਰੋਨ ਪ੍ਰਣਾਲੀ ਨੂੰ ਆਧੁਨਿਕ ਬਣਾ ਦਿੱਤਾ ਹੈ ਅਤੇ ਇਹ ਮੁਲਕਾਂ ਲਈ ਖ਼ਤਰਾ ਬਣ ਸਕਦੇ ਹਨ।