ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਦੀ ਨੇੜਤਾ ਉੱਤਰੀ ਕੋਰੀਆ ਲਈ ਖਤਰਾ: ਕਿਮ

ਸਿਓਲ,(ਇੰਡੋ ਕਨੇਡੀਅਨ ਟਾਇਮਜ਼)-ਉੱਤਰੀ ਕੋਰੀਆ ਦੇ ਨੇਤਾ ਕਿਮ ਜੌਂਗ ਉਨ ਨੇ ਕਿਹਾ ਕਿ ਦੱਖਣੀ ਕੋਰੀਆ ਅਤੇ ਜਪਾਨ ਨਾਲ ਅਮਰੀਕਾ ਦੀ ਸੁਰੱਖਿਆ ਭਾਈਵਾਲੀ ਵਧਣ ਨਾਲ ਉੱਤਰੀ ਕੋਰੀਆ ਸਾਹਮਣੇ ਗੰਭੀਰ ਖਤਰੇ ਖੜ੍ਹੇ ਹੋ ਗਏ ਹਨ। ਕਿਮ ਨੇ ਨਾਲ ਹੀ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ ਅਹਿਦ ਵੀ ਲਿਆ ਹੈ। ਸਰਕਾਰੀ ਮੀਡੀਆ ’ਚ ਅੱਜ ਆਈਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਕਿਮ ਪਹਿਲਾਂ ਵੀ ਅਜਿਹੀਆਂ ਚਿਤਾਵਨੀਆਂ ਦੇ ਚੁੱਕੇ ਹਨ। ਉਨ੍ਹਾਂ ਦੇ ਤਾਜ਼ਾ ਬਿਆਨ ਤੋਂ ਇਹ ਸੰਕੇਤ ਮਿਲਦੇ ਹਨ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਨ੍ਹਾਂ ਨਾਲ ਮੁਲਾਕਾਤ ਕਰਨ ਤੇ ਕੂਟਨੀਤੀ ਨੂੰ ਸੁਰਜੀਤ ਕਰਨ ਦੀ ਪੇਸ਼ਕਸ਼ ਨੂੰ ਨੇੜ ਭਵਿੱਖ ’ਚ ਸਵੀਕਾਰ ਨਹੀਂ ਕਰਨਗੇ। ਸਰਕਾਰੀ ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (ਕੇਸੀਐੱਨਏ) ਅਨੁਸਾਰ ਬੀਤੇ ਦਿਨ ਕੋਰਿਆਈ ਪੀਪਲਜ਼ ਆਰਮੀ ਦੇ 77ਵੇਂ ਸਥਾਪਨਾ ਦਿਵਸ ਮੌਕੇ ਦਿੱਤੇ ਗਏ ਭਾਸ਼ਣ ’ਚ ਕਿਮ ਨੇ ਕਿਹਾ ਕਿ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਤਰ੍ਹਾਂ ਖੇਤਰੀ ਫੌਜੀ ਸੰਗਠਨ ਬਣਾਉਣ ਦੀ ਅਮਰੀਕੀ ਸਾਜ਼ਿਸ਼ ਤਹਿਤ ਸਥਾਪਤ ਅਮਰੀਕਾ-ਜਪਾਨ-ਦੱਖਣੀ ਕੋਰੀਆ ਤਿੰਨ ਧਿਰੀ ਸੁਰੱਖਿਆ ਭਾਈਵਾਲੀ ਕੋਰਿਆਈ ਪ੍ਰਾਇਦੀਪ ’ਚ ਫੌਜੀ ਤਵਾਜ਼ਨ ਵਿਗਾੜ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਸਾਡੇ ਦੇਸ਼ ਦੇ ਸੁਰੱਖਿਆ ਹਾਲਾਤ ਲਈ ਗੰਭੀਰ ਚੁਣੌਤੀ ਖੜ੍ਹੀ ਕਰ ਰਹੀ ਹੈ। ਕੇਸੀਐੱਨਏ ਅਨੁਸਾਰ, ‘ਉਨ੍ਹਾਂ ਪ੍ਰਮਾਣੂ ਸ਼ਕਤੀਆਂ ਸਮੇਤ ਸਾਰੀਆਂ ਸੁਰੱਖਿਆ ਪ੍ਰਣਾਲੀਆਂ ਨੂੰ ਤੇਜ਼ੀ ਨਾਲ ਮਜ਼ਬੂਤ ਕਰਨ ਲਈ ਨਵੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਇਕ ਵਾਰ ਫਿਰ ਪ੍ਰਮਾਣੂ ਪ੍ਰੋਗਰਾਮ ’ਤੇ ਅੱਗੇ ਵਧਣ ਦੀ ਨੀਤੀ ਸਪੱਸ਼ਟ ਕੀਤੀ।’ ਜ਼ਿਕਰਯੋਗ ਹੈ ਕਿ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨਾਲ ਸਾਂਝੇ ਪੱਤਰਕਾਰ ਸੰਮੇਲਨ ’ਚ ਟਰੰਪ ਨੇ ਕਿਹਾ ਸੀ ਕਿ ‘ਅਸੀਂ ਉੱਤਰੀ ਕੋਰੀਆ ਤੇ ਕਿਮ ਜੌਂਗ ਉਨ ਨਾਲ ਸਬੰਧ ਬਣਾਏ ਰੱਖਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਮੇਰਾ ਉਨ੍ਹਾਂ ਨਾਲ ਬਹੁਤ ਚੰਗਾ ਰਿਸ਼ਤਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਮੈਂ ਜੰਗ ਰੋਕ ਦਿੱਤੀ ਹੈ।’ ਇਸ ਤੋਂ ਪਹਿਲਾਂ 23 ਜਨਵਰੀ ਨੂੰ ‘ਫੌਕਸ ਨਿਉਜ਼’ ’ਤੇ ਪ੍ਰਸਾਰਿਤ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਮ ਨੂੰ ‘ਇੱਕ ਸਮਝਦਾਰ ਵਿਅਕਤੀ’ ਦੱਸਦਿਆਂ ਕਿਹਾ ਸੀ ਕਿ ਉਹ ‘ਧਾਰਮਿਕ ਕੱਟੜਪੰਥੀ ਨਹੀਂ’ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਕਿਮ ਨਾਲ ਮੁੜ ਸੰਪਰਕ ਕਰਨਗੇ ਤਾਂ ਟਰੰਪ ਨੇ ਜਵਾਬ ਦਿੱਤਾ ਸੀ, ‘ਹਾਂ ਮੈਂ ਕਰਾਂਗਾ।’ ਟਰੰਪ ਨੇ 2018-19 ’ਚ ਤਿੰਨ ਵਾਰ ਕਿਮ ਨਾਲ ਮੁਲਾਕਾਤ ਕਰਕੇ ਉੱਤਰੀ ਕੋਰੀਆ ਦਾ ਪ੍ਰਮਾਣੂ ਪ੍ਰੋਗਰਾਮ ਖਤਮ ਕਰਨ ਬਾਰੇ ਚਰਚਾ ਕੀਤੀ ਸੀ।