ਦੱਖਣੀ ਕੋਰੀਆ: ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਨੂੰ ਹਿਰਾਸਤ ’ਚ ਲਿਆ

ਦੱਖਣੀ ਕੋਰੀਆ: ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਨੂੰ ਹਿਰਾਸਤ ’ਚ ਲਿਆ

ਭ੍ਰਿਸ਼ਟਾਚਾਰ ਵਿਰੋਧੀ ਜਾਂਚ ਏਜੰਸੀ ਨੂੰ ਕਰਨੀ ਪਈ ਮਸ਼ੱਕਤ; ਯੂਨ ਨੇ ਕਾਨੂੰਨ ਦਾ ਸ਼ਾਸਨ ਢਹਿ-ਢੇਰੀ ਹੋਣ ਦਾ ਕੀਤਾ ਦਾਅਵਾ
ਸਿਓਲ,(ਇੰਡੋ ਕਨੇਡੀਅਨ ਟਾਇਮਜ਼)- ਦੱਖਣੀ ਕੋਰੀਆ ’ਚ ਮਹਾਦੋਸ਼ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅੱਜ ਸਵੇਰੇ ਰਾਸ਼ਟਰਪਤੀ ਕੰਪਲੈਕਸ ’ਚੋਂ ਹਿਰਾਸਤ ’ਚ ਲੈ ਲਿਆ ਗਿਆ। ਯੂਨ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਕੋਲ ਉਨ੍ਹਾਂ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਦਾ ਅਧਿਕਾਰ ਨਹੀਂ ਹੈ ਪਰ ਉਹ ਹਿੰਸਾ ਰੋਕਣ ਲਈ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਯੂਨ ਨੇ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੇ ਦਫ਼ਤਰ ਲਿਜਾਏ ਜਾਣ ਤੋਂ ਪਹਿਲਾਂ ਰਿਕਾਰਡ ਕੀਤੇ ਗਏ ਵੀਡੀਓ ਸੁਨੇਹੇ ’ਚ ਕਿਹਾ, ‘‘ਇਸ ਦੇਸ਼ ’ਚ ਕਾਨੂੰਨ ਦਾ ਸ਼ਾਸਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਹੈ।’’


ਯੂਨ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਉਹ ਰਾਜਧਾਨੀ ਸਿਓਲ ’ਚ ਹਨਾਮ-ਡੌਂਗ ਰਿਹਾਇਸ਼ ’ਚ ਕਈ ਹਫ਼ਤਿਆਂ ਤੱਕ ਲੁਕੇ ਰਹੇ ਸਨ ਅਤੇ ਉਨ੍ਹਾਂ ਸੱਤਾ ਤੋਂ ਹਟਾਏ ਜਾਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਅਖੀਰ ਤੱਕ ਲੜਨ ਦਾ ਅਹਿਦ ਲਿਆ ਸੀ। ਉਨ੍ਹਾਂ ਪਿਛਲੇ ਸਾਲ 3 ਦਸੰਬਰ ਨੂੰ ਮਾਰਸ਼ਲ ਲਾਅ ਦੇ ਐਲਾਨ ਨੂੰ ਜਾਇਜ਼ ਠਹਿਰਾਇਆ ਸੀ। ਭ੍ਰਿਸ਼ਟਾਚਾਰ ਜਾਂਚ ਦਫ਼ਤਰ ਨੇ ਕਿਹਾ ਕਿ ਯੂਨ ਨੂੰ ਹਿਰਾਸਤ ’ਚ ਲੈਣ ਲਈ ਕਰੀਬ ਪੰਜ ਘੰਟਿਆਂ ਦਾ ਸਮਾਂ ਲੱਗ ਗਿਆ। ਅਧਿਕਾਰੀਆਂ ਅਨੁਸਾਰ ਪੁੱਛ-ਪੜਤਾਲ ਮਗਰੋਂ ਜਾਂਚ ਏਜੰਸੀ ਨੇ ਯੂਨ ਨੂੰ ਸਿਓਲ ਨੇੜੇ ਓਈਵਾਂਗ ਦੇ ਹਿਰਾਸਤੀ ਕੇਂਦਰ ’ਚ ਭੇਜ ਦਿੱਤਾ ਹੈ। ਦੱਖਣੀ ਕੋਰੀਆ ਦੇ ਕਾਰਜਕਾਰੀ ਆਗੂ ਅਤੇ ਉਪ ਪ੍ਰਧਾਨ ਮੰਤਰੀ ਚੋਈ ਸਾਂਗ-ਮੋਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਝੜਪ ਨਹੀਂ ਹੋਈ। ਵਿਰੋਧੀ ਧਿਰ ਡੈਮੋਕਰੈਟਿਕ ਪਾਰਟੀ ਦੇ ਆਗੂ ਪਾਰਕ ਚੇਨ-ਦੇਈ ਨੇ ਕਿਹਾ ਕਿ ਯੂਨ ਨੂੰ ਹਿਰਾਸਤ ’ਚ ਲੈਣਾ ਸੰਵਿਧਾਨਕ ਪ੍ਰਬੰਧ, ਲੋਕਤੰਤਰ ਨੂੰ ਬਹਾਲ ਕਰਨ ਅਤੇ ਕਾਨੂੰਨ ਦੇ ਸ਼ਾਸਨ ਦੀ ਪਾਲਣਾ ਵੱਲ ਪਹਿਲਾ ਕਦਮ ਹੈ। 


ਗ੍ਰਿਫ਼ਤਾਰੀ ਲਈ ਅਦਾਲਤ ਤੋਂ ਲੈਣੀ ਪਵੇਗੀ ਇਜਾਜ਼ਤ
ਯੂਨ ਸੁਕ ਯਿਓਲ ਨੂੰ ਕੁਝ ਹਫ਼ਤਿਆਂ ਲਈ ਹਿਰਾਸਤ ’ਚ ਭੇਜਿਆ ਜਾ ਸਕਦਾ ਹੈ। ਪੁਲੀਸ ਅਤੇ ਫੌਜ ਨਾਲ ਰਲ ਕੇ ਸਾਂਝੇ ਤੌਰ ’ਤੇ ਜਾਂਚ ਕਰ ਰਹੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਵੱਲੋਂ ਯੂਨ ਦੀ ਰਸਮੀ ਗ੍ਰਿਫ਼ਤਾਰੀ ਲਈ ਅਦਾਲਤ ਤੋਂ ਹੁਕਮ ਲੈਣ ਵਾਸਤੇ 48 ਘੰਟੇ ਦਾ ਸਮਾਂ ਹੈ। ਇਸ ਮਗਰੋਂ ਜਾਂਚਕਾਰ ਉਸ ਨੂੰ 20 ਦਿਨਾਂ ਲਈ ਹਿਰਾਸਤ ’ਚ ਰੱਖ ਸਕਦੇ ਹਨ। ਜੇ ਅਦਾਲਤ ਨੇ ਗ੍ਰਿਫ਼ਤਾਰੀ ਦੇ ਹੁਕਮ ਨਾ ਦਿੱਤੇ ਤਾਂ ਯੂਨ ਨੂੰ ਰਿਹਾਅ ਕਰਨਾ ਪਵੇਗਾ। 

ad