RTI ਤਹਿਤ ਹੋਇਆ ਖ਼ੁਲਾਸਾ, ਸਰਕਾਰੀ ਬੈਂਕਾਂ ’ਚ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਜਾਣ ਹੋਵੋਗੇ ਹੈਰਾਨ

RTI ਤਹਿਤ ਹੋਇਆ ਖ਼ੁਲਾਸਾ, ਸਰਕਾਰੀ ਬੈਂਕਾਂ ’ਚ ਕਰੋੜਾਂ ਦੀ ਧੋਖਾਧੜੀ ਦੇ ਮਾਮਲੇ ਜਾਣ ਹੋਵੋਗੇ ਹੈਰਾਨ

ਨਵੀਂ ਦਿੱਲੀ - ਜਨਤਕ ਖੇਤਰ ਦੇ ਬੈਂਕਾਂ ’ਚ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 19,964 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 2,867 ਮਾਮਲੇ ਸਾਹਮਣੇ ਆਏ। ਸੂਚਨਾ ਦੇ ਅਧਿਕਾਰ (ਆਰ. ਟੀ. ਆਈ.) ਤਹਿਤ ਮੰਗੀ ਗਈ ਜਾਣਕਾਰੀ ਨਾਲ ਇਹ ਖੁਲਾਸਾ ਹੋਇਆ ਹੈ। ਆਰ. ਟੀ. ਆਈ. ਕਾਰਜਕਰਤਾ ਚੰਦਰਸ਼ੇਖਰ ਗੌੜ ਨੇ ਸੂਚਨਾ ਦੇ ਅਧਿਕਾਰ ਤਹਿਤ ਰਿਜ਼ਰਵ ਬੈਂਕ ਵੱਲੋਂ ਇਹ ਜਾਣਕਾਰੀ ਮੰਗੀ ਸੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ’ਚ ਗਿਣਤੀ ਦੇ ਹਿਸਾਬ ਨਾਲ ਧੋਖਾਦੇਹੀ ਦੇ ਸਭ ਤੋਂ ਜ਼ਿਆਦਾ ਮਾਮਲੇ ਆਏ। ਉਥੇ ਹੀ ਮੁੱਲ ਦੇ ਹਿਸਾਬ ਨਾਲ ਬੈਂਕ ਆਫ ਇੰਡੀਆ (ਬੀ. ਓ. ਆਈ.) ਧੋਖਾਦੇਹੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ।
ਐੱਸ. ਬੀ. ਆਈ. ’ਚ ਸਭ ਤੋਂ ਜ਼ਿਆਦਾ 2,050 ਮਾਮਲੇ
ਅੰਕੜਿਆਂ ਅਨੁਸਾਰ ਅਪ੍ਰੈਲ-ਜੂਨ 2020 ’ਚ ਜਨਤਕ ਖੇਤਰ ਦੇ 12 ਬੈਂਕਾਂ ’ਚ ਐੱਸ. ਬੀ. ਆਈ. ’ਚ ਸਭ ਤੋਂ ਜ਼ਿਆਦਾ 2,050 ਧੋਖਾਦੇਹੀ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਨਾਲ ਜੁਡ਼ੀ ਰਾਸ਼ੀ 2,325.88 ਕਰੋਡ਼ ਰੁਪਏ ਹੈ। ਮੁੱਲ ਦੇ ਹਿਸਾਬ ਨਾਲ ਬੈਂਕ ਆਫ ਇੰਡੀਆ ਨੂੰ ਧੋਖਾਦੇਹੀ ਨਾਲ ਸਭ ਤੋਂ ਜ਼ਿਆਦਾ ਸੱਟ ਪਹੁੰਚੀ। ਇਸ ਦੌਰਾਨ ਬੈਂਕ ਆਫ ਇੰਡੀਆ ’ਚ 5,124.87 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 47 ਮਾਮਲਿਆਂ ਦਾ ਪਤਾ ਚੱਲਿਆ। ਇਸ ਤੋਂ ਇਲਾਵਾ ਕੇਨਰਾ ਬੈਂਕ ’ਚ 3,885.26 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 33, ਬੈਂਕ ਆਫ ਬੜੌਦਾ ’ਚ 2,842.94 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 60, ਇੰਡੀਅਨ ਬੈਂਕ ’ਚ 1,469.79 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 45, ਇੰਡੀਅਨ ਓਵਰਸੀਜ਼ ਬੈਂਕ ’ਚ 1,207.65 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 37 ਅਤੇ ਬੈਂਕ ਆਫ ਮਹਾਰਾਸ਼ਟਰ ’ਚ 1,140.37 ਕਰੋਡ਼ ਰੁਪਏ ਦੀ ਧੋਖਾਦੇਹੀ ਦੇ 9 ਮਾਮਲੇ ਸਾਹਮਣੇ ਆਏ।