ਪੋਪ ਫਰਾਂਸਿਸ ਦੀ ਸਿਹਤ ਵਿੱਚ ਸੁਧਾਰ

ਰੋਮ,(ਇੰਡੋ ਕਨੇਡੀਅਨ ਟਾਇਮਜ਼)- ਪੋਪ ਫਰਾਂਸਿਸ ਨਿਮੂਨੀਏ ਦੀ ਬਿਮਾਰੀ ਤੋਂ ਉੱਭਰ ਰਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਅਸਤੀਫੇ ਜਾਂ ਹਾਲਤ ਖ਼ਰਾਬ ਹੋਣ ਸਬੰਧੀ ਲਗਾਏ ਜਾ ਰਹੇ ਕਿਆਸਾਂ ਨੂੰ ਠੱਲ੍ਹ ਪਾ ਦਿੱਤੀ ਹੈ। ਵੈਟੀਕਨ ਨੇ ਕਿਹਾ ਹੈ ਕਿ 88 ਸਾਲਾ ਪੋਪ ਰੋਮ ਦੇ ਗੈਮੇਲੀ ਹਸਪਤਾਲ ਵਿੱਚ ਬੁੱਧਵਾਰ ਰਾਤ ਨੂੰ ਵੀ ਆਰਾਮ ਨਾਲ ਸੁੱਤੇ। ਡਾਕਟਰਾਂ ਨੇ ਬੁੱਧਵਾਰ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਹਾਲਤ ਵਿੱਚ ਹੋਰ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਲ ਵਿੱਚ ਪੋਪ ਦੇ ਗੁਰਦੇ ਠੀਕ ਤਰ੍ਹਾਂ ਕੰਮ ਨਾ ਕਰਦੇ ਹੋਣ ਬਾਰੇ ਪਤਾ ਲੱਗਿਆ ਸੀ। ਸੀਟੀ ਸਕੈਨ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਫੇਫੜੇ ਦੀ ਲਾਗ ਹੁਣ ਠੀਕ ਹੋ ਰਹੀ ਹੈ। ਪੋਪ ਨੂੰ ਅਜੇ ਵੀ ਆਕਸੀਜਨ ਦਿੱਤੀ ਜਾ ਰਹੀ ਹੈ। ਇਸ ਵਿਚਾਲੇ, ਵੈਟੀਕਨ ਨੇ ਕਿਹਾ ਕਿ ਸ਼ਨਿਚਰਵਾਰ ਤੋਂ ਬਾਅਦ ਉਨ੍ਹਾਂ ਨੂੰ ਸਾਹ ਸਬੰਧੀ ਕੋਈ ਪ੍ਰੇਸ਼ਾਨੀ ਨਹੀਂ ਹੋਈ ਹੈ। ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹੋਏ ਪ੍ਰਾਰਥਨਾ ਸਭਾਵਾਂ ਕੀਤੀਆਂ ਜਾ ਰਹੀਆਂ ਹਨ।