RBI ਨੇ ਡਿਫਾਲਟਰਾਂ ਦੇ ਰੁਪਏ ਵਾਪਸ ਆਉਣ ਦੀ ਉਮੀਦ ਛੱਡੀ, ਵੱਟੇ ਖਾਤੇ ਚ ਪਾਏ 68 ਹਜ਼ਾਰ ਕਰੋੜ ਰੁਪਏ

ਮੁੰਬਈ - ਰਿਜ਼ਰਵ ਬੈਂਕ ਨੇ ਦੇਸ਼ ਦੇ 50 ਸਭ ਤੋਂ ਵੱਡੇ ਡਿਫਾਲਟਰ ਜਿਨ੍ਹਾਂ ਨੇ ਬੈਂਕਾਂ ਤੋਂ ਕਰਜ਼ਾ ਲਿਆ ਹੈ, ਹੁਣ ਉਹ ਪੈਸੇ ਵਾਪਸ ਆਉਣ ਦੀ ਉਮੀਦ ਛੱਡ ਦਿੱਤੀ ਹੈ। ਬੈਂਕਾਂ ਨੇ ਇਨ੍ਹਾਂ ਲੋਕਾਂ ਦੇ ਕੋਲ ਕਰਜ਼ੇ ਦੇ ਰੂਪ ਵਿਚ ਫੱਸੇ 68,607 ਕਰੋੜ ਰੁਪਏ ਨੂੰ ਤਕਨੀਕੀ ਤੌਰ 'ਤੇ ਰਾਈਟ ਆਫ(ਵੱਟੇ ਖਾਤੇ ਵਿਚ ਪਾਏ) ਕਰ ਦਿੱਤੇ ਹਨ। ਇਸ ਸੂਚੀ ਵਿਚ ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਪਹਿਲੇ ਨੰਬਰ 'ਤੇ ਹੈ, ਜਦੋਂਕਿ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਨਾਮ ਵੀ ਇਸ ਵਿਚ ਸ਼ਾਮਲ ਹੈ।
ਦਰਅਸਲ, ਇਹ ਖੁਲਾਸਾ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵਲੋਂ ਆਰ.ਟੀ.ਆਈ. ਕਾਰਜਕਰਤਾ ਸਾਕੇਤ ਗੋਖਲੇ ਦੀ ਇੱਕ ਰਿੱਟ 'ਤੇ ਦਿੱਤੇ ਗਏ ਜਵਾਬ ਤੋਂ ਹੋਇਆ ਹੈ। ਗੋਖਲੇ ਨੇ ਸੂਚਨਾ ਦੇ ਅਧਿਕਾਰ ਕਾਨੂੰਨ (ਆਰਟੀਆਈ) ਦੇ ਤਹਿਤ ਆਰ.ਬੀ.ਆਈ. ਤੋਂ ਦੇਸ਼ ਦੇ 50 ਚੋਟੀ ਦੇ ਵਿਲਫੁੱਲ ਡਿਫਾਲਟਰ (ਜਾਣਬੁੱਝ ਕੇ ਕਰਜ਼ੇ ਦਾ ਭੁਗਤਾਨ ਨਾ ਕਰਨ ਵਾਲੇ) ਬਾਰੇ ਜਾਣਕਾਰੀ ਮੰਗੀ ਸੀ। ਇਸ ਦੇ ਨਾਲ ਹੀ ਇਨ੍ਹਾਂ ਦੇ ਕਰਜ਼ੇ ਦੀ 16 ਫਰਵਰੀ ਤੱਕ ਦੀ ਮੌਜੂਦਾ ਸਥਿਤੀ ਬਾਰੇ ਪੁੱਛਿਆ ਗਿਆ ਸੀ। ਗੋਖਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਰ.ਟੀ.ਆਈ. ਇਸ ਕਾਰਨ ਦਾਇਰ ਕੀਤੀ ਸੀ ਕਿਉਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ 16 ਫਰਵਰੀ ਨੂੰ ਬਜਟ ਸੈਸ਼ਨ ਦੌਰਾਨ ਇੱਕ Starred Questions ਹੇਠ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੱਲੋਂ ਪੁੱਛੇ ਜਾਣ 'ਤੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਗੋਖਲੇ ਨੇ ਕਿਹਾ ਜਿਹੜੀ ਜਾਣਕਾਰੀ ਸਰਕਾਰ ਨੇ ਮੁਹੱਈਆ ਨਹੀਂ ਕਰਵਾਈ, ਆਰਬੀਆਈ ਦੇ ਕੇਂਦਰੀ ਲੋਕ ਸੂਚਨਾ ਅਧਿਕਾਰੀ ਅਭੈ ਕੁਮਾਰ ਨੇ 24 ਅਪ੍ਰੈਲ ਨੂੰ ਦਿੱਤੀ। ਆਰ.ਬੀ.ਆਈ. ਨੇ ਕਿਹਾ ਕਿ 30 ਸਤੰਬਰ, 2019 ਤੱਕ ਇਨ੍ਹਾਂ ਜਾਣਬੁੱਝ ਕੇ ਡਿਫਾਲਟਰਾਂ ਦਾ 68,607 ਕਰੋੜ ਰੁਪਏ ਦਾ ਬਕਾਇਆ ਸੀ। ਇਸ ਰਕਮ ਨੂੰ ਤਕਨੀਕੀ ਤੌਰ ਤੇ ਰਾਈਟ ਆਫ ਕਰ ਦਿੱਤਾ ਗਿਆ। ਹਾਲਾਂਕਿ ਆਰ.ਬੀ.ਆਈ. ਨੇ ਸੁਪਰੀਮ ਕੋਰਟ ਦੇ 16 ਦਸੰਬਰ, 2015 ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ, ਵਿਦੇਸ਼ੀ ਡਿਫਾਲਟਰਾਂ ਦੇ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ।