ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰੀਆਂ ਦਾ ਟੋਲਾ: ਮੋਦੀ

ਇੰਡੀਆ’ ਗੱਠਜੋੜ ਭ੍ਰਿਸ਼ਟਾਚਾਰੀਆਂ ਦਾ ਟੋਲਾ: ਮੋਦੀ

ਪ੍ਰਧਾਨ ਮੰਤਰੀ ਨੇ ਮੁੜ ਸਰਕਾਰ ਬਣਾਉਣ ਲਈ ਗੁਰੂਆਂ ਦੀ ਧਰਤੀ ਤੋਂ ਆਸ਼ੀਰਵਾਦ ਮੰਗਿਆ

* ‘ਆਪ’ ਨੂੰ ਧੋਖੇਬਾਜ਼ ਤੇ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਦੱਸਿਆ

* ਪੰਜਾਬ ਨਾਲ ਗੂੜ੍ਹੀ ਸਾਂਝ ਦੀ ਬਾਤ ਪਾਈ

ਪਟਿਆਲਾ, - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਨੂੰ ਧੋਖੇਬਾਜ਼ ਤੇ ‘ਇੰਡੀਆ’ ਗੱਠਜੋੜ ਨੂੰ ਭ੍ਰਿਸ਼ਟਾਚਾਰੀਆਂ ਦਾ ਟੋਲਾ ਦੱਸਿਆ। ਸ੍ਰੀ ਮੋਦੀ ਨੇ ਭਗਵੰਤ ਮਾਨ ਨੂੰ ‘ਕਾਗਜ਼ੀ’ ਮੁੱਖ ਮੰਤਰੀ ਦੱਸਿਆ, ਜਿਸ ਨੂੰ ਦਿੱਲੀ ਦਰਬਾਰ ’ਚ ਹਾਜ਼ਰੀ ਭਰਨ ਤੋਂ ਫੁਰਸਤ ਨਹੀਂ ਮਿਲਦੀ। ਸ੍ਰੀ ਮੋਦੀ ਨੇ ਕੇਂਦਰ ਵਿਚ ਮੁੜ ਸਰਕਾਰ ਬਣਾਉਣ ਲਈ ਗੁਰੂਆਂ ਦੀ ਧਰਤੀ ਤੋਂ ਸਿਰ ਝੁਕਾ ਕੇ ਆਸ਼ੀਰਵਾਦ ਮੰਗਿਆ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿਚ ਨਾ ਅਕਾਲੀ ਦਲ ਤੇ ਨਾ ਹੀ ਕਿਸਾਨ ਅੰਦੋਲਨ ਦਾ ਕੋਈ ਜ਼ਿਕਰ ਕੀਤਾ। ਉਨ੍ਹਾਂ ਨੇ ਖੇਤੀ ਦੀ ਗੱਲ ਤਾਂ ਕੀਤੀ, ਪਰ ‘ਕਿਸਾਨ’ ਦੀ ਥਾਂ ‘ਲੋਕ’ ਸ਼ਬਦ ਵਰਤਿਆ।

ad