ਖੈਬਰ ਪਖਤੂਨਖਵਾ ਦੇ ਮਦਰੱਸੇ ’ਚ ਧਮਾਕਾ, ਮੌਲਵੀ ਸਣੇ ਸੱਤ ਹਲਾਕ

ਮ੍ਰਿਤਕਾਂ ਵਿੱਚ ਜੇਯੂਆਈ ਦੇ ਮੁਖੀ ਹਾਮਿਦੁਲ ਹੱਕ ਹੱਕਾਨੀ ਵੀ ਸ਼ਾਮਲ; ਪੁਲੀਸ ਨੂੰ ਆਤਮਘਾਤੀ ਹਮਲੇ ਦਾ ਖਦਸ਼ਾ
ਪਿਸ਼ਾਵਰ, 28 ਫਰਵਰੀ (ਇੰਡੋ ਕਨੇਡੀਅਨ ਟਾਇਮਜ਼)- ਰਮਜ਼ਾਨ ਦੇ ਪਵਿੱਤਰ ਮਹੀਨੇ ਤੋਂ ਪਹਿਲਾਂ ਉੱਤਰ-ਪੱਛਮੀ ਪਾਕਿਸਤਾਨ ਦੇ ਗੜਬੜ ਵਾਲੇ ਖੈਬਰ ਪਖਤੂਨਖਵਾ ਸੂਬੇ ਵਿੱਚ ਅੱਜ ਨਮਾਜ਼ ਦੌਰਾਨ ਹੋਏ ਧਮਾਕੇ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 20 ਹੋਰ ਜ਼ਖ਼ਮੀ ਹੋ ਗਏ। ਮੁੱਖ ਸਕੱਤਰ ਸ਼ਹਾਬ ਅਲੀ ਸ਼ਾਹ ਨੇ ਦੱਸਿਆ ਕਿ ਇਹ ਧਮਾਕਾ ‘ਦਾਰੁਲ ਉਲੂਮ ਹੱਕਾਨੀਆ’ ਨਾਮ ਦੇ ਮਦਰੱਸੇ ਵਿੱਚ ਹੋਇਆ। ਇਸ ਵਿੱਚ ਜਮੀਅਤ ਉਲੇਮਾ ਇਸਲਾਮ (ਜੇਯੂਆਈ) ਦੇ ਮੁਖੀ ਅਤੇ ਨੌਹਿਰਾ ਜ਼ਿਲ੍ਹੇ ਦੇ ਅਕੋਰਾ ਖੱਟਕ ਸਥਿਤ ਮਦਰੱਸਾ-ਏ-ਹੱਕਾਨੀਆ ਦੀ ਦੇਖਰੇਖ ਕਰਨ ਵਾਲੇ ਹਾਮਿਦੁਲ ਹੱਕ ਹੱਕਾਨੀ ਦੀ ਮੌਤ ਹੋ ਗਈ। ਹਾਮਿਦੁਲ ਹੱਕ ਨੂੰ ਉਨ੍ਹਾਂ ਦੇ ਪਿਤਾ ਮੌਲਾਨਾ ਸਮੀ ਉਲ ਹੱਕ ਦੀ ਮੌਤ ਤੋਂ ਬਾਅਦ ਜੇਯੂਆਈ (ਸਮੀ ਗਰੁੱਪ) ਦਾ ਮੁਖੀ ਬਣਾਇਆ ਗਿਆ ਸੀ।
ਖੈਬਰ ਪਖਤੂਨਖਵਾ ਦੇ ਆਈਜੀਪੀ ਜ਼ੁਲਫਿਕਾਰ ਹਮੀਦ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਹੋ ਸਕਦਾ ਹੈ ਅਤੇ ਹਾਮਿਦੁਲ ਹੱਕ ਹੀ ਨਿਸ਼ਾਨੇ ’ਤੇ ਸਨ। ਉਨ੍ਹਾਂ ਕਿਹਾ, ‘ਅਸੀਂ ਹਾਮਿਦੁਲ ਹੱਕ ਨੂੰ ਛੇ ਸੁਰੱਖਿਆ ਮੁਲਾਜ਼ਮ ਦਿੱਤੇ ਹੋਏ ਸਨ।’ ਨੌਸ਼ਹਿਰਾ ਜ਼ਿਲ੍ਹੇ ਦੇ ਡੀਪੀਓ ਅਬਦੁਲ ਰਾਸ਼ਿਦ ਨੇ ਕਿਹਾ ਕਿ ਧਮਾਕਾ ਮਦਰੱਸੇ ਵਿੱਚ ਜੁਮੇ ਦੀ ਨਮਾਜ਼ ਦੌਰਾਨ ਹੋਇਆ।
ਦਾਰੁਲ ਉਲੂਮ ਹੱਕਾਨੀਆ ਮਦਰੱਸਾ ਸੁੰਨੀ ਇਸਲਾਮ ਦੇ ਹਨਫੀ ਦਿਓਬੰਦੀ ਸਕੂਲ ਦਾ ਪ੍ਰਚਾਰ ਕਰਦਾ ਹੈ। ਮੌਲਾਨਾ ਅਬਦੁਲ ਹੱਕ ਨੇ ਇਸ ਮਦਰੱਸੇ ਦੀ ਸਥਾਪਨਾ ਭਾਰਤ ਦੇ ਦਾਰੁਲ ਉਲੂਮ ਦਿਓਬੰਦ ਮਦਰੱਸੇ ਦੀ ਤਰਜ਼ ’ਤੇ ਕੀਤੀ ਸੀ। ਦਾਰੁਲ ਉਲੂਮ ਹੱਕਾਨੀਆ ਮਦਰੱਸੇ ਨੂੰ ‘ਜੇਹਾਦ ਯੂਨੀਵਰਸਿਟੀ’ ਵਜੋਂ ਜਾਣਿਆ ਜਾਂਦਾ ਹੈ। ਤਾਲਿਬਾਨ ਦੇ ਸਾਬਕਾ ਮੁਖੀ ਅਖਤਰ ਮਨਸੂਰ ਸਮੇਤ ਅਤਿਵਾਦੀ ਜਥੇਬੰਦੀ ਦੇ ਕਈ ਮੁੱਖ ਮੈਂਬਰਾਂ ਨੇ ਇਸ ਮਦਰੱਸੇ ਵਿੱਚ ਪੜ੍ਹਾਈ ਕੀਤੀ ਹੈ। ਬਚਾਅ ਕਰਮੀਆਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਬਾਹਰ ਕੱਢੀਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਨੌਸ਼ਹਿਰਾ ਅਤੇ ਪਿਸ਼ਾਵਰ ਦੋਵਾਂ ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਰਾਜਪਾਲ ਫੈਜ਼ਲ ਕਰੀਮ ਕੁੰਡੀ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ।