ਪੰਨੂ ਨੇ ਦਿੱਤੀ ਮੁੱਖ ਮੰਤਰੀ ਨੂੰ ਧਮਕੀ

ਗਣਤੰਤਰ ਦਿਵਸ ਲਈ ਪਟਿਆਲਾ ਨਾ ਆਉਣ ਦੀ ਦਿੱਤੀ ਚਿਤਾਵਨੀ
ਪਟਿਆਲਾ,(ਇੰਡੋ ਕਨੇਡੀਅਨ ਟਾਇਮਜ਼)- ਵਿਦੇਸ਼ ’ਚ ਰਹਿ ਰਹੇ ਗਰਮਖਿਆਲੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਗਣਤੰਤਰ ਦਿਵਸ ਸਮਾਗਮ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਉਹ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਨਿਸ਼ਾਨੇ ’ਤੇ ਹਨ। ਮੁੱਖ ਮੰਤਰੀ ਨੂੰ ਪਟਿਆਲਾ ਨਾ ਆਉਣ ਦੀ ਧਮਕੀ ਵਾਲੇ ਈਮੇਲ ‘ਪੰਜਾਬੀ ਟ੍ਰਿਬਿਊਨ’ ਦੇ ਇਸ ਪੱਤਰਕਾਰ ਸਮੇਤ ਪਟਿਆਲਾ ਦੇ ਕੁਝ ਹੋਰ ਪੱਤਰਕਾਰਾਂ ਨੂੰ ਮਿਲੇ ਹਨ। ਇਸ ਘਟਨਾਕ੍ਰਮ ਮਗਰੋਂ ਪੁਲੀਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ। ਸਥਾਨਕ ਪ੍ਰਸਾਸ਼ਨ ਨੇ ਪੋਲੋ ਗਰਾਊਂਡ ਅਤੇ ਸਰਕਟ ਹਾਊਸ ਸਮੇਤ ਇਨ੍ਹਾਂ ਨਾਲ ਲੱਗਦੇ ਪੰਜ ਕਿਲੋਮੀਟਰ ਤੱਕ ਦੇ ਖੇਤਰ ਨੂੰ ‘ਨੋ ਡਰੋਨ ਜ਼ੋਨ’ ਐਲਾਨ ਦਿੱਤਾ ਹੈ। ਈਮੇਲ ’ਚ ਪੰਨੂ ਨੇ ਲੋਕਾਂ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਮੁੱਖ ਮੰਤਰੀ ਦੇ ਝੰਡਾ ਲਹਿਰਾਉਣ ਵਾਲੀ ਥਾਂ ਪੋਲੋ ਗਰਾਊਂਡ ’ਚ ਨਾ ਆਉਣ ਦੀ ਸਲਾਹ ਵੀ ਦਿੱਤੀ ਹੈ। ਉਸ ਨੇ ਭਗਵੰਤ ਮਾਨ ਦੀ ਤੁਲਨਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਕਰਦਿਆਂ ਕਿਹਾ ਕਿ ਐੱਸਐੱਫਜੇ ਦਾ ਸਿੱਖ ਫੌਜੀ ਜਥਾ 26 ਜਨਵਰੀ ਨੂੰ ਪਟਿਆਲਾ ’ਚ ਖਾਲਿਸਤਾਨ ਦੇ ਪਰਚੇ ਵੰਡੇਗਾ। ਈਮੇਲ ਰਾਹੀਂ ਉਸ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਗੈਂਗਸਟਰਾਂ ਦਾ ਲੇਬਲ ਲਗਾ ਕੇ ਪੀਲੀਭੀਤ ’ਚ ਤਿੰਨ ਸਿੱਖਾਂ ਦੀ ਹੱਤਿਆ ਕੀਤੀ ਅਤੇ ਉਹ ਖਾਲਿਸਤਾਨੀ ਰੈਫਰੈਂਡਮ ਪ੍ਰਚਾਰਕਾਂ ’ਤੇ ਤਸ਼ੱਦਦ ਦੇ ਹੁਕਮ ਦੇ ਰਹੇ ਹਨ। ਉਸ ਨੇ ਡੀਜੀਪੀ ਗੌਰਵ ਯਾਦਵ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਫ਼ਰੀਦਕੋਟ ’ਚ ਤਿਰੰਗਾ ਲਹਿਰਾਉਣਾ ਸੀ ਪਰ ਉਨ੍ਹਾਂ ਦਾ ਪ੍ਰੋਗਰਾਮ ਮੁਹਾਲੀ ਅਤੇ ਫਿਰ ਪਟਿਆਲਾ ਤਬਦੀਲ ਕੀਤਾ ਗਿਆ ਸੀ। ਅਜਿਹੀ ਤਬਦੀਲੀ ਪਿੱਛੇ ਕੋਈ ਹੋਰ ਕਾਰਨ ਦੱਸਿਆ ਜਾ ਰਿਹਾ ਹੈ ਪਰ ਫ਼ਰੀਦਕੋਟ ’ਚ ਪੰਨੂ ਦੇ ਸਮਰਥਕਾਂ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੀ ਘਟਨਾ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਡੀਆਈਜੀ ਅਤੇ ਐੱਸਐੱਸਪੀ ਵੱਲੋਂ ਸੁਰੱਖਿਆ ਹਾਲਾਤ ਦਾ ਜਾਇਜ਼ਾ
ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਅੱਜ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਪੋਲੋ ਗਰਾਊਂਡ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੋਵੇਂ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਗ਼ੈਰ-ਸਮਾਜੀ ਅਨਸਰਾਂ ਨਾਲ ਨਜਿੱਠਣ ਦੇ ਪੂਰੀ ਤਰ੍ਹਾਂ ਸਮਰੱਥ ਹੈ।