ਇਸਮਾਇਲੀ ਮੁਸਲਮਾਨਾਂ ਦੇ ਅਧਿਆਤਮਕ ਆਗੂ ਆਗਾ ਖਾਨ ਦਾ ਦੇਹਾਂਤ

ਇਸਮਾਇਲੀ ਮੁਸਲਮਾਨਾਂ ਦੇ ਅਧਿਆਤਮਕ ਆਗੂ ਆਗਾ ਖਾਨ ਦਾ ਦੇਹਾਂਤ

ਪ੍ਰਧਾਨ ਮੰਤਰੀ ਮੋਦੀ, ਰਾਹੁਲ ਗਾਂਧੀ, ਗੁਟੇਰੇਜ਼ ਅਤੇ ਟਰੂਡੋ ਨੇ ਜਤਾਇਆ ਅਫ਼ਸੋਸ

* ਰਹੀਮ ਅਲ ਹੁਸੈਨੀ ਹੋਵੇਗਾ ਨਵਾਂ ਆਗਾ ਖਾਨ

ਪੈਰਿਸ,(ਇੰਡੋ ਕਨੇਡੀਅਨ ਟਾਇਮਜ਼)- ਇਸਮਾਇਲੀ ਮੁਸਲਮਾਨਾਂ ਦੇ ਅਧਿਆਤਮਕ ਆਗੂ ਆਗਾ ਖਾਨ ਚੌਥੇ (88) ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਹਾਰਵਰਡ ਗ੍ਰੈਜੂਏਟ ਹੋਣ ਨਾਤੇ ਉਹ 20 ਸਾਲ ਦੀ ਉਮਰ ਵਿੱਚ ਹੀ ਦੁਨੀਆ ਭਰ ਦੇ ਲੱਖਾਂ ਇਸਮਾਈਲੀ ਮੁਸਲਮਾਨਾਂ ਦੇ ਅਧਿਆਤਮਿਕ ਆਗੂ ਬਣ ਗਏ ਸਨ। ਆਗਾ ਖਾਨ ਡਿਵੈਲਪਮੈਂਟ ਨੈੱਟਵਰਕ ਅਤੇ ਇਸਮਾਇਲੀ ਧਾਰਮਿਕ ਭਾਈਚਾਰੇ ਨੇ ਐਲਾਨ ਕੀਤਾ ਕਿ ਸ਼ੀਆ ਇਸਮਾਇਲੀ ਮੁਸਲਮਾਨਾਂ ਦੇ 49ਵੇਂ ਇਮਾਮ ਪ੍ਰਿੰਸ ਕਰੀਮ ਅਲ-ਹੁਸੈਨੀ ਆਗਾ ਖਾਨ ਚੌਥੇ ਦਾ ਪੁਰਤਗਾਲ ਵਿੱਚ ਦੇਹਾਂਤ ਹੋ ਗਿਆ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਸੀ। ਜੁਲਾਈ 1957 ਵਿੱਚ ਮਹਾਰਾਣੀ ਐਲਿਜ਼ਾਬੈੱਥ ਨੇ ਉਨ੍ਹਾਂ ਨੂੰ ‘ਹਿਜ਼ ਹਾਈਨੈਸ’ ਦੀ ਉਪਾਧੀ ਦਿੱਤੀ ਸੀ। ਇਸ ਦੌਰਾਨ ਰਹੀਮ ਅਲ ਹੁਸੈਨੀ ਨੂੰ ਨਵਾਂ ਆਗਾ ਖਾਨ ਚੁਣਿਆ ਗਿਆ। ਉਸ ਨੂੰ ਆਗਾ ਖਾਨ ਪੰਜਵਾਂ ਦਾ ਅਹੁਦਾ ਦਿੱਤਾ ਗਿਆ ਹੈ। ਉਹ ਆਪਣੇ ਪਿਤਾ ਦੀ ਵਸੀਅਤ ਮੁਤਾਬਕ ਸ਼ੀਆ ਇਸਮਾਇਲੀ ਮੁਸਲਮਾਨਾਂ ਦਾ 50ਵਾਂ ਮੁਖੀ ਹੋਵੇਗਾ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਰਾਹੁਲ ਗਾਂਧੀ, ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਦੇ ਨਾਲ-ਨਾਲ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਨ੍ਹਾਂ ਦੀ ਮੌਤ ’ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।

ਦੂਰਦਰਸ਼ੀ ਆਗੂ ਸਨ ਆਗਾ ਖਾਨ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸਮਾਇਲੀ ਮੁਸਲਮਾਨਾਂ ਦੇ ਅਧਿਆਤਮਕ ਆਗੂ ਆਗਾ ਖਾਨ ਚੌਥੇ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਦੂਰਦਰਸ਼ੀ ਆਗੂ ਸਨ, ਜਿਨ੍ਹਾਂ ਨੇ ਆਪਣਾ ਜੀਵਨ ਸੇਵਾ ਅਤੇ ਅਧਿਆਤਮਕਤਾ ਲਈ ਸਮਰਪਿਤ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ‘ਮਾਣਯੋਗ ਪ੍ਰਿੰਸ ਕਰੀਮ ਆਗਾ ਖਾਨ ਚੌਥੇ ਦੇ ਦੇਹਾਂਤ ਦੀ ਸੂਚਨਾ ਮਿਲਣ ’ਤੇ ਬਹੁਤ ਦੁੱਖ ਹੋਇਆ। ਸਿਹਤ, ਸਿੱਖਿਆ, ਪੇਂਡੂ ਵਿਕਾਸ ਅਤੇ ਮਹਿਲਾ ਸ਼ਕਤੀਕਰਨ ਵਰਗੇ ਖੇਤਰਾਂ ਵਿੱਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਪ੍ਰੇਰਿਤ ਕਰਦਾ ਰਹੇਗਾ।’
 

sant sagar