ਜੇਲ੍ਹ ’ਚ ਬੰਦ ਇਮਰਾਨ ਖ਼ਾਨ ਨੂੰ ਫੌਰੀ ਰਿਹਾਅ ਕਰਨ ਦੀ ਮੰਗ
.jpg)
ਯੂਐੱਨ ਵਰਕਿੰਗ ਗਰੁੱਪ ਨੇ ਪੀਟੀਆਈ ਮੁਖੀ ਦੀ ਗ੍ਰਿਫ਼ਤਾਰੀ ਨੂੰ ‘ਆਪਹੁਦਰੀ’ ਤੇ ‘ਸਿਆਸਤ ਤੋਂ ਪ੍ਰੇਰਿਤ’ ਦੱਸਿਆ
ਇਸਲਾਮਾਬਾਦ,(ਇੰਡੋਂ ਕਨੇਡੀਅਨ ਟਾਇਮਜ਼)- ਸੰਯੁਕਤ ਰਾਸ਼ਟਰ ਵਰਕਿੰਗ ਸਮੂਹ ਨੇ ਵੱਖ ਵੱਖ ਕੇਸਾਂ ਤਹਿਤ ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਫੌਰੀ ਰਿਹਾਅ ਕੀਤੇ ਜਾਣ ਦੀ ਮੰਗ ਕੀਤੀ ਹੈ। ਸਮੂਹ ਨੇ ਕਿਹਾ ਕਿ ਖ਼ਾਨ ਖਿਲਾਫ਼ ਦਰਜ ਕੇਸਾਂ ਵਿਚੋਂ ਘੱਟੋ-ਘੱਟ ਦੋ ਕੇਸ ‘ਸਿਆਸਤ ਤੋਂ ਪ੍ਰੇਰਿਤ’ ਹਨ ਤੇ ਇਨ੍ਹਾਂ ਦਾ ਇਕੋ ਇਕ ਮਕਸਦ ਖ਼ਾਨ ਨੂੰ ਦੇਸ਼ ਦੇ ਸਿਆਸੀ ਦ੍ਰਿਸ਼ ਤੋਂ ਲਾਂਭੇ ਕਰਨਾ ਹੈ। ਆਪਹੁਦਰੀਆਂ ਗ੍ਰਿਫ਼ਤਾਰੀਆਂ ਬਾਰੇ ਸੰਯੁਕਤ ਰਾਸ਼ਟਰ ਦੇ ਵਰਕਿੰਗ ਗਰੁੱਪ ਨੇ ਜਨੇਵਾ ਵਿੱਚ 18-27 ਮਾਰਚ ਤੱਕ ਆਪਣੇ 99ਵੇਂ ਇਜਲਾਸ ਦੌਰਾਨ 71 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਬਾਨੀ ਦੀ ਨਜ਼ਰਬੰਦੀ ਨੂੰ ਲੈ ਕੇ ਆਪਣੀ ਰਾਏ ਰੱਖੀ। ਉਧਰ ਪੀਟੀਆਈ ਨੇ ਯੂਐੱਨ ਵਰਕਿੰਗ ਸਮੂਹ ਦੀ ਰਾਇ ਨੂੰ ‘ਵੱਡੀ’ ਪੇਸ਼ਕਦਮੀ ਕਰਾਰ ਦਿੱਤਾ ਹੈ।
ਸਮੂਹ ਨੇ ਕਿਹਾ ਕਿ ਪਹਿਲਾਂ ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਤੇ ਮਗਰੋਂ ਸਾਈਫਰ ਕੇਸਾਂ ਵਿਚ ਖ਼ਾਨ ਦੀ ਨਜ਼ਰਬੰਦੀ ਤੇ ਮੁਕੱਦਮੇ ਦੀ ਕਾਰਵਾਈ ‘ਸਿਆਸੀ ਤੋਂ ਪ੍ਰੇਰਿਤ’ ਸੀ ਤਾਂ ਕਿ ਉਨ੍ਹਾਂ ਨੂੰ ਸਿਆਸੀ ਪਿੜ ਵਿਚੋਂ ਲਾਂਭੇ ਕੀਤਾ ਜਾ ਸਕੇ। ਰੋਜ਼ਨਾਮਚਾ ‘ਡਾਅਨ’ ਨੇ ਆਪਣੀ ਰਿਪੋਰਟ ਵਿਚ ਯੂਐੱਨ ਸਮੂਹ ਦੇ ਹਵਾਲੇ ਨਾਲ ਕਿਹਾ ਕਿ ਖ਼ਾਨ ਨੂੰ ‘ਬਿਨਾਂ ਕਿਸੇ ਕਾਨੂੰਨੀ ਅਧਾਰ’ ਦੇ ਗ੍ਰਿਫ਼ਤਾਰ ਕੀਤਾ ਗਿਆ। ਸਮੂਹ ਨੇ ਕਿਹਾ ਕਿ ਪੀਟੀਆਈ ਮੁਖੀ ਖਿਲਾਫ਼ ਦਰਜ ਕੇਸਾਂ ਦੀ ਅਦਾਲਤੀ ਕਾਰਵਾਈ ਵਿਚ ਕਈ ਕਾਨੂੰਨੀ ਖਾਮੀਆਂ ਤੇ ਬੇਨੇਮੀਆਂ ਸਨ ਜਿਸ ਕਰਕੇ ਉਹ ਆਪਣੀ ਰਾਇ ਰੱਖ ਰਹੇ ਸਨ ਕਿ ਕੀ ਖਾਨ ਦੀ ਗ੍ਰਿਫ਼ਤਾਰੀ ਆਪਹੁਦਰੀ ਸੀ। ਸਮੂਹ ਨੇ ਕਿਹਾ, ‘‘ਖ਼ਾਨ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਅਧਾਰ ਨਹੀਂ ਸੀ ਤੇ ਜਾਪਦਾ ਸੀ ਕਿ ਉਨ੍ਹਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਲਈ ਇਹ ਸਭ ਕੁਝ ਕੀਤਾ ਗਿਆ। ਲਿਹਾਜ਼ਾ ਸ਼ੁਰੂ ਤੋਂ ਹੀ ਮੁਕੱਦਮੇ ਦਾ ਕੋਈ ਕਾਨੂੰਨ ਅਧਾਰ ਨਹੀਂ ਸੀ।’’