ਪਾਕਿਸਤਾਨ: ਪੰਜ ਅਤਿਵਾਦੀ ਤੇ ਦੋ ਜਵਾਨ ਹਲਾਕ

ਪਾਕਿਸਤਾਨ: ਪੰਜ ਅਤਿਵਾਦੀ ਤੇ ਦੋ ਜਵਾਨ ਹਲਾਕ

ਪਿਸ਼ਾਵਰ (ਇੰਡੋ ਕਨੇਡੀਅਨ ਟਾਇਮਜ਼)-ਪਾਕਿਸਤਾਨ ਦੇ ਗੜਬੜ ਵਾਲੇ ਖ਼ੈਬਰ ਪਖ਼ਤੂਨਖ਼ਵਾ ਸੂਬੇ ਵਿੱਚ ਅੱਜ ਅਤਿਵਾਦੀਆਂ ਖ਼ਿਲਾਫ਼ ਅਪਰੇਸ਼ਨ ਦੌਰਾਨ ਘੱਟੋ-ਘੱਟ ਪੰਜ ਅਤਿਵਾਦੀ ਮਾਰੇ ਗਏ, ਜਦੋਂਕਿ ਕੈਪਟਨ ਸਮੇਤ ਦੋ ਪਾਕਿਸਤਾਨੀ ਫੌਜੀਆਂ ਦੀ ਵੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਰੱਖਿਆ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸੂਬੇ ਦੇ ਹਸਨ ਖੇਲ ਇਲਾਕੇ ਵਿੱਚ ਅਪਰੇਸ਼ਨ ਚਲਾਇਆ ਸੀ। ਇਹ ਇਲਾਕਾ ਪਿਸ਼ਾਵਰ ਜ਼ਿਲ੍ਹੇ ਦੇ ਪੱਛਮ ਵਿੱਚ ਲਗਪਗ 35 ਕਿਲੋਮੀਟਰ ਦੂਰ ਸਥਿਤ ਹੈ। ਪਾਕਿਸਤਾਨ ਦੇ ਫੌਜੀ ਮੀਡੀਆ ਵਿੰਗ ਆਈਐੱਸਪੀਆਰ ਨੇ ਬਿਆਨ ਵਿੱਚ ਕਿਹਾ, ‘‘ਇਹ ਅਪਰੇਸ਼ਨ ਪਿਸ਼ਾਵਰ ਜ਼ਿਲ੍ਹੇ ਦੇ ਪੱਛਮ ਵਿੱਚ ਲਗਪਗ 35 ਕਿਲੋਮੀਟਰ ਦੂਰ ਸਥਿਤ ਗੜਬੜ ਵਾਲੇ ਹਸਨ ਖੇਲ ਇਲਾਕੇ ਵਿੱਚ ਚਲਾਇਆ ਗਿਆ। ਜਵਾਨਾਂ ਨੇ ਅਤਿਵਾਦੀਆਂ ਨਾਲ ‘ਡਟ ਕੇ ਮੁਕਾਬਲਾ’ ਕੀਤਾ ਅਤੇ ਪੰਜ ਨੂੰ ਮਾਰ ਮੁਕਾਇਆ, ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇਲਾਕੇ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਦੀ ਰਿਪੋਰਟ ਮਿਲਣ ਮਗਰੋਂ ਅਪਰੇਸ਼ਨ ਚਲਾਇਆ ਗਿਆ ਸੀ।’’ ਉਨ੍ਹਾਂ ਕਿਹਾ ਕਿ ਅਪਰੇਸ਼ਨ ਦੌਰਾਨ ਪਾਕਿਸਤਾਨੀ ਫੌਜ ਦੇ ਕੈਪਟਨ ਸਮੇਤ ਦੋ ਜਵਾਨ ਵੀ ਮਾਰੇ ਗਏ ਹਨ।

ad