ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ

ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ

ਅੰਮ੍ਰਿਤਸਰ, 
ਇਲਾਕੇ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਅੱਜ ਪੁਲੀਸ ਪਹੁੰਚੀ ਅਤੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਘਰ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ। ਇਸ ਮਾਮਲੇ ਵਿੱਚ ਪੁਲੀਸ ਅਤੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ ਅਤੇ ਉਸ ਦੀ ਪਤਨੀ ਐੱਨਆਰਆਈ (ਪਰਵਾਸੀ ਭਾਰਤੀ) ਹੈ। ਪੁਲੀਸ ਵੱਲੋਂ ਉਸ ਦੇ ਪਿਛੋਕੜ ਦੀ ਘੋਖ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਅਤੇ ਸੰਸਥਾ ‘ਵਾਰਿਸ ਪੰਜਾਬ ਦੇ’ ਲਈ ਵਿਦੇਸ਼ਾਂ ਤੋਂ ਫੰਡ ਜੁਟਾਉਣ ਵਿੱਚ ਕਥਿਤ ਤੌਰ ’ਤੇ ਉਸ ਦਾ ਨਾਂ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਜਾਂਚ ਵਾਸਤੇ ਗਈ ਪੁਲੀਸ ਟੀਮ ਵਿੱਚ ਦੋ ਡੀਐੱਸਪੀ ਪੱਧਰ ਦੇ ਅਧਿਕਾਰੀ ਸ਼ਾਮਲ ਸਨ ਜਿਨ੍ਹਾਂ ਵਿੱਚ ਇੱਕ ਮਹਿਲਾ ਡੀਐੱਸਪੀ ਵੀ ਸ਼ਾਮਲ ਸੀ। ਇਹ ਟੀਮ ਇਕ ਘੰਟੇ ਤੋਂ ਵੱਧ ਸਮਾਂ ਅੰਮ੍ਰਿਤਪਾਲ ਸਿੰਘ ਦੇ ਘਰ ਵਿੱਚ ਰਹੀ। ਟੀਮ ਵਿੱਚ ਮਹਿਲਾ ਪੁਲੀਸ ਅਧਿਕਾਰੀ ਦੀ ਸ਼ਮੂਲੀਅਤ ਤੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਟੀਮ ਨੇ ਅੰਮ੍ਰਿਤਪਾਲ ਸਿੰਘ ਦੀ ਮਾਤਾ ਅਤੇ ਉਸ ਦੀ ਪਤਨੀ ਤੋਂ ਵੀ ਪੁੱਛ-ਪੜਤਾਲ ਕੀਤੀ ਹੈ। ਇਸ ਮਾਮਲੇ ਬਾਰੇ ਪੁਲੀਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲੀਸ ਟੀਮ ਵਿੱਚ ਡੀਐੱਸਪੀ ਹਰਕ੍ਰਿਸ਼ਨ ਸਿੰਘ ਅਤੇ ਡੀਐੱਸਪੀ ਪਰਵਿੰਦਰ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਲ ਸਨ। ਇਸੇ ਤਰ੍ਹਾਂ ਅੰਮ੍ਰਿਤਪਾਲ ਦੇ ਪਿਤਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਸੰਕੋਚ ਕੀਤਾ। ਇਸ ਤੋਂ ਪਹਿਲਾਂ ਪਰਿਵਾਰ ਨੂੰ ਇੱਕ ਹੋਰ ਵਫਦ ਮਿਲਣ ਆਇਆ ਸੀ ਜਿਸ ਨੇ ਘਰ ਵਿੱਚ ਦੋ ਤੋਂ ਢਾਈ ਘੰਟੇ ਬਿਤਾਏ। ਇਸ ਵਫ਼ਦ ਨੇ ਵੀ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਵਫਦ ਵਿੱਚ ਵਕੀਲ ਭਾਈਚਾਰੇ ਨਾਲ ਸਬੰਧਤ ਵਿਅਕਤੀ ਸ਼ਾਮਲ ਸਨ। ਅਣਅਧਿਕਾਰਤ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲੀਸ ਟੀਮ ਨੇ ਪਰਿਵਾਰਕ ਮੈਂਬਰਾਂ ਨੂੰ ਆਖਿਆ ਕਿ ਜੇਕਰ ਉਨ੍ਹਾਂ ਦਾ ਅੰਮ੍ਰਿਤਪਾਲ ਸਿੰਘ ਨਾਲ ਸੰਪਰਕ ਹੁੰਦਾ ਹੈ ਤਾਂ ਉਸ ਨੂੰ ਪੁਲੀਸ ਅੱਗੇ ਆਤਮਸਮਰਪਣ ਕਰਨ ਲਈ ਆਖਣ। ਇਸੇ ਦੌਰਾਨ ਪੁਲੀਸ ਨੇ ਘਰ ਵਿੱਚ ਲੱਗੇ ਵਾਈ-ਫਾਈ ਸਿਸਟਮ ਨੂੰ ਵੀ ਘੋਖਿਆ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਪਿਛਲੇ ਸਮੇਂ ਦੌਰਾਨ ਕਿਹੜੇ ਵਿਅਕਤੀ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਆਏ ਸਨ। ਪੁਲੀਸ ਨੇ ਇਸ ਸਬੰਧ ਵਿਚ ਬੰਗਲੂਰੂ ਨਾਲ ਸਬੰਧਤ ਕੰਪਨੀ ਕੋਲੋਂ ਅੰਕੜੇ ਵੀ ਮੰਗੇ ਹਨ।
ਨਵੀਂ ਫੁਟੇਜ ’ਚ ਅੰਮ੍ਰਿਤਪਾਲ ਮੋਟਰਸਾਈਕਲ ਸਣੇ ਜੁਗਾੜੂ ਰੇਹੜੀ ’ਚ ਨਜ਼ਰ ਆਇਆ
ਜਲੰਧਰ:
ਇਕ ਨਵੀਂ ਫੁਟੇਜ ਸਾਹਮਣੇ ਆਈ ਹੈ ਜਿਸ ਵਿਚ ਅੰਮ੍ਰਿਤਪਾਲ ਸਿੰਘ ਪਲੈਟੀਨਾ ਮੋਟਰਸਾਈਕਲ ਸਣੇ ਇਕ ਜੁਗਾੜੂ ਰੇਹੜੀ ਵਿਚ ਬੈਠ ਫਰਾਰ ਹੁੰਦਾ ਨਜ਼ਰ ਆ ਰਿਹਾ ਹੈ। ਇਹ ਫੁਟੇਜ ਫਿਲੌਰ ਨੇੜਲੇ ਦਾਰਾਪੁਰ ਪਿੰਡ ਤੋਂ ਪਹਿਲਾਂ ਨਹਿਰ ਵੱਲ ਜਾਂਦੇ ਰਾਹ ਦੀ ਹੈ। ਰੇਹੜੀ ਵਿਚ ਉਸ ਦੇ ਨਾਲ ਇਕ ਸਾਥੀ ਵੀ ਹੈ। ਗੁਰਦੁਆਰੇ ਤੋਂ ਭੱਜਣ ਵੇਲੇ ਜਿਹੜੀ ਪਲੈਟੀਨਾ ਬਾਈਕ ਉਸ ਦੇ ਕੋਲ ਸੀ, ਉਹ ਮੋਟਰਸਾਈਕਲ ਵਾਲੀ ਜੁਗਾੜੂ ਰੇਹੜੀ ਵਿਚ ਲੱਦੀ ਨਜ਼ਰ ਆ ਰਹੀ ਹੈ। ਅਜਿਹਾ ਜਾਪਦਾ ਹੈ ਕਿ ਜਾਂ ਤਾਂ ਪਲੈਟੀਨਾ ਖ਼ਰਾਬ ਹੋ ਗਿਆ ਹੈ ਜਾਂ ਉਸ ਵਿਚ ਤੇਲ ਖ਼ਤਮ ਹੋ ਗਿਆ ਹੈ।

ਦਲਜੀਤ ਕਲਸੀ ਦੀ ਪਤਨੀ ਹਾਈ ਕੋਰਟ ਪੁੱਜੀ
ਚੰਡੀਗੜ੍ਹ:
ਭਗੌੜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਦੀ ਪਤਨੀ ਨਰਿੰਦਰ ਕੌਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰ ਕੇ ਮੰਗ ਕੀਤੀ ਹੈ ਕਿ ਉਸ ਦੇ ਪਤੀ ਨੂੰ ਅਸਾਮ ਵਿੱਚ ‘ਗ਼ੈਰਕਾਨੂੰਨੀ ਹਿਰਾਸਤ’ ਵਿੱਚੋਂ ਛੁਡਾਇਆ ਜਾਵੇ। ਕਲਸੀ ਖ਼ਿਲਾਫ਼ ਐੱਨਐੱਸਏ ਲਾਇਆ ਗਿਆ ਹੈ। ਬੈਂਚ ਵੱਲੋਂ 28 ਮਾਰਚ ਨੂੰ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ, ਜਦੋਂ ਅੰਮ੍ਰਿਤਪਾਲ ਨੂੰ ਪੇਸ਼ ਕਰਨ ਸਬੰਧੀ ਪਾਈ ਗਈ ਹੈਬੀਅਸ ਕੋਰਪਸ ਅਰਜ਼ੀ ’ਤੇ ਸੁਣਵਾਈ ਹੋਵੇਗੀ।
-ਏਐੱਨਆਈ 

sant sagar