ਕਾਂਗਰਸ ਨੇ ਚੁੱਕੇ 'ਆਪ੍ਰੇਸ਼ਨ' ਅੰਮ੍ਰਿਤਪਾਲ ਸਿੰਘ 'ਤੇ ਸਵਾਲ

ਕਾਂਗਰਸ ਨੇ ਚੁੱਕੇ 'ਆਪ੍ਰੇਸ਼ਨ' ਅੰਮ੍ਰਿਤਪਾਲ ਸਿੰਘ 'ਤੇ ਸਵਾਲ

ਚੰਡੀਗੜ੍ਹ, --- ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦੇ ਆਖ਼ਰੀ ਦਿਨ ਸੂਬੇ 'ਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ | ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਵਲੋਂ ਸਦਨ 'ਚ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਚਰਚਾ ਕਰਨ ਦੀ ਮੰਗ ਕੀਤੀ ਗਈ, ਜਿਸ ਦੀ ਸਪੀਕਰ ਵਲੋਂ ਇਹ ਕਹਿ ਕੇ ਇਜਾਜ਼ਤ ਨਹੀਂ ਦਿੱਤੀ ਕਿ ਇਹ ਚਰਚਾ ਸਿਫ਼ਰ ਕਾਲ ਵਿਚ ਕੀਤੀ ਜਾ ਸਕਦੀ ਹੈ | ਪੰਜਾਬ ਵਿਧਾਨ ਸਭਾ 'ਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਬਾਅਦ ਜਿਵੇਂ ਹੀ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਕਾਨੂੰਨ ਵਿਵਸਥਾ 'ਤੇ ਬਹਿਸ ਕਰਨ ਦੀ ਮੰਗ ਕੀਤੀ | ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਇਸ ਬਾਰੇ ਮਤੇ ਨੂੰ ਨਾਮਨਜ਼ੂਰ ਕਰਨ ਤੋਂ ਬਾਅਦ ਕਾਂਗਰਸੀ ਵਿਧਾਇਕ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੀ ਕੁਰਸੀ ਅੱਗੇ ਆ ਗਏ | ਇਸ ਦੌਰਾਨ ਸਪੀਕਰ ਅਤੇ ਕਾਂਗਰਸੀ ਵਿਧਾਇਕਾਂ ਵਿਚਾਲੇ ਬਹਿਸ ਹੋਈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਪੀਕਰ ਨੂੰ ਕਾਨੂੰਨ ਵਿਵਸਥਾ ਦਾ ਮੁੱਦਾ ਉਠਾਉਣ ਦੀ ਇਜਾਜ਼ਤ ਦੇਣ ਲਈ ਕਿਹਾ | ਉਨ੍ਹਾਂ ਸਪੀਕਰ 'ਤੇ ਸਰਕਾਰ ਦੇ ਹੁਕਮ ਮੁਤਾਬਕ ਚੱਲਣ ਦਾ ਦੋਸ਼ ਲਗਾਇਆ | ਕਾਂਗਰਸੀ ਵਿਧਾਇਕਾਂ ਨੇ ਕਰੀਬ 45 ਮਿੰਟ ਤੱਕ ਸਦਨ 'ਚ ਨਾਅਰੇਬਾਜ਼ੀ ਕਰਨ ਤੋਂ ਬਾਅਦ ਵਾਕਆਊਟ ਕਰ ਦਿੱਤਾ | ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕ ਸਦਨ 'ਚ ਨਾਅਰੇਬਾਜ਼ੀ ਕਰਦੇ ਰਹੇ | ਭਾਰੀ ਰੌਲੇ-ਰੱਪੇ ਦੌਰਾਨ ਹੀ ਸਵਾਲ-ਜਵਾਬ ਦੀ ਕਾਰਵਾਈ ਚੱਲਦੀ ਰਹੀ ਅਤੇ ਸਪੀਕਰ ਕਾਂਗਰਸ ਵਿਧਾਇਕਾਂ ਨੂੰ ਆਪਣੀਆਂ ਸੀਟਾਂ 'ਤੇ ਬੈਠਣ ਦੀ ਅਪੀਲ ਕਰਦੇ ਰਹੇ ਪਰ ਕਾਂਗਰਸੀ ਵਿਧਾਇਕ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਬਹਿਸ ਦੀ ਮੰਗ 'ਤੇ ਅੜੇ ਰਹੇ ਅਤੇ ਸਦਨ ਵਿਚੋਂ ਵਾਕਆਊਟ ਕਰ ਗਏ | ਸਦਨ ਤੋਂ ਬਾਹਰ ਆ ਕੇ ਕਾਂਗਰਸੀ ਵਿਧਾਇਕਾਂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ | ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਕਾਰਨ ਸਪੀਕਰ ਨੂੰ ਕੰਮ ਰੋਕੂ ਤਜਵੀਜ਼ ਪੇਸ਼ ਕਰਨ ਦੀ ਮੰਗ ਕੀਤੀ ਸੀ, ਜਿਸ ਨੂੰ ਨਹੀਂ ਮੰਨਿਆ ਗਿਆ | ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਤੱਕ ਸੂਬੇ 'ਚ ਲੋਕ ਹੱਸਦੇ ਵੱਸਦੇ ਸਨ ਪਰ ਹੁਣ ਨਵੀਂ ਸਰਕਾਰ ਦੇ ਰਾਜ ਵਿਚ ਪੰਜਾਬ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਹੈ | ਸੂਬੇ ਦੇ ਹਰ ਚਿਹਰੇ 'ਤੇ ਕੋਈ ਚਮਕ ਨਹੀਂ ਸਗੋਂ ਡਰ ਹੈ | ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਇਹ ਸਵਾਲ ਚੁੱਕਣੇ ਸੀ ਪਰ ਕਰੀਬ ਇਕ ਘੰਟਾ ਸਪੀਕਰ ਅੱਗੇ ਗੁਹਾਰ ਲਾਉਣ ਦੇ ਬਾਵਜੂਦ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ |
ਜੇਲ੍ਹ ਤੋਂ ਗੈਂਗਸਟਰ ਦੇ ਲਾਈਵ ਟੈਲੀਕਾਸਟ ਦਾ ਕੋਈ ਜਵਾਬ ਨਹੀਂ-ਕਾਂਗਰਸ
ਬਾਜਵਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਦੇ ਦੋ ਲਾਈਵ ਟੈਲੀਕਾਸਟ ਦੇ ਮਾਮਲੇ ਵਿਚ ਮਾਨ ਸਰਕਾਰ ਵਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ | ਲਾਰੈਂਸ ਨੇ ਪੰਜਾਬ ਦੀ ਜੇਲ੍ਹ ਵਿਚੋਂ ਇਕ ਸੁਪਰਸਟਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਪੰਜਾਬ ਵਿਚ ਕੀਤੇ ਜੁਰਮ ਦਾ ਇਕਬਾਲ ਕੀਤਾ ਪਰ ਮੁੱਖ ਮੰਤਰੀ ਨੇ ਅਜੇ ਤੱਕ ਇਕ ਸ਼ਬਦ ਵੀ ਨਹੀਂ ਬੋਲਿਆ, ਜਦਕਿ ਉਹ ਜੇਲ੍ਹ ਮੰਤਰੀ ਵੀ ਹਨ |
ਕਾਂਗਰਸ ਨੇ ਮੁੱਖ ਮੰਤਰੀ ਮਾਨ ਤੋਂ ਅਸਤੀਫ਼ਾ ਮੰਗਿਆ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਲਾਰੈਂਸ ਜੇਲ੍ਹ ਤੋਂ ਲਾਈਵ ਟੈਲੀਕਾਸਟ ਕਰ ਰਿਹਾ ਹੈ | ਗੋਇੰਦਵਾਲ ਜੇਲ੍ਹ ਵਿਚ ਦੋ ਕਤਲ ਸ਼ਰੇਆਮ ਹੋਏ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਹੈ | ਕਿਸੇ ਵਿਅਕਤੀ ਦੀ ਜਾਨ ਸੁਰੱਖਿਅਤ ਨਹੀਂ ਕਿਉਂਕਿ ਸਰਕਾਰ ਚਲਾਉਣ ਦਾ ਕੋਈ ਤਜਰਬਾ ਨਹੀਂ ਹੈ |
ਅਨਿਕੇਤ ਸਕਸੈਨਾ ਪੰਜਾਬ ਸਰਕਾਰ ਚਲਾ ਰਹੇ ਹਨ-ਬਾਜਵਾ
ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਕ ਅਨਿਕੇਤ ਸਕਸੈਨਾ ਨੂੰ ਵਿਧਾਨ ਸਭਾ ਵਿਚ ਸਪੀਕਰ ਅਤੇ ਰਾਜਪਾਲ ਦੀ ਗੈਲਰੀ ਦੇ ਨੇੜੇ ਲਾਈਵ ਦੇਖਿਆ ਗਿਆ ਸੀ | ਇੱਥੇ ਸੁਰੱਖਿਆ ਵਾਲਿਆਂ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ | ਬਾਜਵਾ ਨੇ ਕਿਹਾ ਕਿ ਜਿੱਥੇ ਲਾਈਵ ਕੈਮਰਿਆਂ ਰਾਹੀਂ ਵਿਰੋਧੀ ਧਿਰ ਨੂੰ ਨਹੀਂ ਦਿਖਾਇਆ ਜਾਂਦਾ, ਉੱਥੇ ਅਨਿਕੇਤ ਸਕਸੈਨਾ ਸਰਕਾਰ ਨੰੂ ਆਪਣੇ ਤਰੀਕੇ ਚਲਾ ਰਿਹਾ ਹੈ |

ad