ਅਤਿਵਾਦ ਦੇ ਦੋ ਮਾਮਲਿਆਂ ’ਚ ਲਾਹੌਰ ਹਾਈ ਕੋਰਟ ਵੱਲੋਂ ਇਮਰਾਨ ਨੂੰ ਜ਼ਮਾਨਤ

ਅਤਿਵਾਦ ਦੇ ਦੋ ਮਾਮਲਿਆਂ ’ਚ ਲਾਹੌਰ ਹਾਈ ਕੋਰਟ ਵੱਲੋਂ ਇਮਰਾਨ ਨੂੰ ਜ਼ਮਾਨਤ

ਲਾਹੌਰ, -- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਲਾਹੌਰ ਹਾਈ ਕੋਰਟ ਤੋਂ ਅਤਿਵਾਦ ਨਾਲ ਸਬੰਧਿਤ ਦੋ ਮਾਮਲਿਆਂ ਸਣੇ ਤਿੰਨਾਂ ਵਿੱਚ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ਵਿੱਚ ਇਸਲਾਮਾਬਾਦ ਵਿੱਚ ਪਿਛਲੇ ਹਫ਼ਤੇ ਜੁਡੀਸ਼ਲ ਕੰਪਲੈਕਸ ਦੇ ਬਾਹਰ ਹੋਈ ਹਿੰਸਾ ਸਬੰਧੀ ਕੇਸ ਵੀ ਸ਼ਾਮਲ ਹੈ। ਜਸਟਿਸ ਸ਼ਹਿਬਾਜ਼ ਰਿਜ਼ਵੀ ਤੇ ਜਸਟਿਸ ਫਾਰੂਕ ਹੈਦਰ ਦੀ ਅਗਵਾਈ ਹੇਠਲੇ ਦੋ ਮੈਂਬਰੀ ਬੈਂਚ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਨੂੰ ਅਤਿਵਾਦ ਦੇ ਮਾਮਲਿਆਂ ਵਿੱਚ 27 ਮਾਰਚ ਤੱਕ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਤੋਸ਼ਾਖਾਨਾ ਕੇਸ ਵਿੱਚ ਐਨਏਬੀ ਦੀ ਜਾਂਚ ਦੇ ਮਾਮਲੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਲਾਹੌਰ ਹਾਈ ਕੋਰਟ ਦੇ ਜਸਟਿਸ ਬਾਕਿਰ ਨਕਵੀ ਅੱਗੇ ਪੇਸ਼ ਹੋਏ। ਅਦਾਲਤ ਨੇ ਉਨ੍ਹਾਂ ਦੀ ਅਗਲੇ ਮੰਗਲਵਾਰ ਤੱਕ ਜ਼ਮਾਨਤ ਮਨਜ਼ੂਰ ਕਰ ਲਈ ਹੈ। ਸੁਣਵਾਈ ਮਗਰੋਂ ਅਦਾਲਤ ਦੇ ਇਕ ਅਧਿਕਾਰੀ ਨੇ ਦੱਸਿਆ,‘ਖਾਨ ਨੇ ਅੱਜ ਅਦਾਲਤ ਨੂੰ ਦੱਸਿਆ ਕਿ ਉਹ ਲੁਕ-ਛਿਪ ਕੇ ਅਦਾਲਤ ਪਹੁੰਚੇ ਹਨ ਕਿਉਂਕਿ ਉਨ੍ਹਾਂ ਦੇ ਘਰ ਨੇੜੇ ਉਨ੍ਹਾਂ ਨੂੰ ਅਦਾਲਤ ਜਾਣ ਤੋਂ ਰੋਕਣ ਲਈ ਭਾਰੀ ਪੁਲੀਸ ਦੀ ਨਫਰੀ ਤਾਇਨਾਤ ਕੀਤੀ ਗਈ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਮਾਮਲੇ ਵਿੱਚ ਪੇਸ਼ ਹੋਣ ’ਚ ਕੋਈ ਦਿੱਕਤ ਨਹੀਂ ਹੈ ਪਰ ਅਦਾਲਤ ਵਿੱਚ ਉਨ੍ਹਾਂ ਦੀ ਮੌਜੂਦਗੀ ਦੌਰਾਨ ਸਰਕਾਰ ਇਹ ਯਕੀਨੀ ਬਣਾਵੇ ਕਿ ਕੋਈ ਹਫੜਾ-ਦਫੜੀ ਨਾ ਹੋਵੇ। ਜਾਪਦਾ ਹੈ ਕਿ ਪੀਟੀਆਈ ਨੇ ਮੰਗਲਵਾਰ ਨੂੰ ਪਾਰਟੀ ਚੇਅਰਮੈਨ ਨਾਲ ਆਪਣੇ ਵਰਕਰਾਂ ਨੂੰ ਅਦਾਲਤ ਭੇਜਣ ਬਾਰੇ ਆਪਣੀ ਰਣਨੀਤੀ ਬਦਲ ਲਈ ਹੈ ਕਿਉਂਕਿ ਲਾਅ ਐਨਫੋਰਸਮੈਂਟ ਏਜੰਸੀਆਂ ਨੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਹੈ। ਪੰਜਾਬ ਤੇ ਇਸਲਾਮਾਬਾਦ ਪੁਲੀਸ ਨੇ ਵੱਖ ਵੱਖ ਹਿੱਸਿਆਂ ਤੋਂ 500 ਪੀਟੀਆਈ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
-ਪੀਟੀਆਈ

ਇਕ ਹੋਰ ਕੇਸ ਵਿੱਚ ਪੇਸ਼ੀ ਤੋਂ ਰਾਹਤ ਸਬੰਧੀ ਅਰਜ਼ੀ ’ਤੇ ਫੈਸਲਾ ਰਾਖਵਾਂ
ਇਸਲਾਮਾਬਾਦ:
ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕੀਤੇ ਗਏ ਇਮਰਾਨ ਖਾਨ ਵੱਲੋਂ ਅਤਿਵਾਦ ਨਾਲ ਸਬੰਧਿਤ ਮਾਮਲੇ ਵਿੱਚ ਪੇਸ਼ੀ ਤੋਂ ਰਾਹਤ ਦੇਣ ਲਈ ਦਾਖਲ ਕੀਤੀ ਗਈ ਅਰਜ਼ੀ ’ਤੇ ਇੱਥੋਂ ਦੀ ਅਤਿਵਾਦ ਵਿਰੋਧੀ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਖਾਨ ਦੇ ਵਕੀਲ ਸਰਦਾਰ ਮਸਰੂਫ ਖਾਨ ਅਦਾਲਤ ਅੱਗੇ ਪੇਸ਼ ਹੋਏ। ਇਮਰਾਨ ਖਾਨ ਵੱਲੋਂ ਉਨ੍ਹਾਂ ਦੀ ਕਾਨੂੰਨੀ ਟੀਮ ਨੇ ਮੰਗਲਵਾਰ ਦੀ ਹਾਜ਼ਰੀ ਤੋਂ ਛੋਟ ਦੇਣ ਦੀ ਅਪੀਲ ਸਬੰਧੀ ਅਰਜ਼ੀ ਦਾਖਲ ਕੀਤੀ। ਜੱਜ ਰਾਜਾ ਜਾਵੇਦ ਅੱਬਾਸ ਅੱਗੇ ਪੇਸ਼ ਹੋਏ ਵਕੀਲ ਨੇ ਕਿਹਾ ਕਿ ਇਮਰਾਨ ਖੁਦ ਪੇਸ਼ੀ ’ਤੇ ਆਉਣਾ ਚਾਹੁੰਦੇ ਹਨ ਪਰ ਮੌਜੂਦਾ ਹਾਲਾਤ ਇਸ ਦੀ ਪ੍ਰਵਾਨਗੀ ਨਹੀਂ ਦਿੰਦੇ।
-ਪੀਟੀਆਈ

ad