ਨੇਪਾਲ ਚੋਣਾਂ: ਪ੍ਰਧਾਨ ਮੰਤਰੀ ਦਿਓਬਾ ਦਾਦੇਲਧੂਰਾ ਤੋਂ ਜਿੱਤੇ

ਨੇਪਾਲ ਚੋਣਾਂ: ਪ੍ਰਧਾਨ ਮੰਤਰੀ ਦਿਓਬਾ ਦਾਦੇਲਧੂਰਾ ਤੋਂ ਜਿੱਤੇ

ਨੇਪਾਲ ਚੋਣਾਂ: ਪ੍ਰਧਾਨ ਮੰਤਰੀ ਦਿਓਬਾ ਦਾਦੇਲਧੂਰਾ ਤੋਂ ਜਿੱਤੇ
ਕਾਠਮੰਡੂ-ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਓਬਾ ਬੁੱਧਵਾਰ ਨੂੰ ਐਲਾਨੇ ਚੋਣ ਨਤੀਜਿਆਂ ਵਿੱਚ ਦਾਦੇਲਧੂਰਾ ਹਲਕੇ ਤੋਂ ਵੱਡੇ ਫਰਕ ਨਾਲ ਜੇਤੂ ਰਹੇ ਹਨ। ਦਿਓਬਾ ਲਗਾਤਾਰ ਸੱਤਵੀਂ ਵਾਰ ਪ੍ਰਤੀਨਿਧ ਸਦਨ ਲਈ ਚੁਣੇ ਗਏ ਹਨ। ਦਿਓਬਾ ਦੀ ਅਗਵਾਈ ਵਾਲੀ ਸੱਤਾਧਾਰੀ ਨੇਪਾਲੀ ਕਾਂਗਰਸ(ਐੱਨਸੀ) ਪਾਰਟੀ ਹੁਣ ਤੱਕ 19 ਸੀਟਾਂ ਜਿੱਤ ਕੇ ਹੋਰਨਾਂ ਸਿਆਸੀ ਪਾਰਟੀਆਂ ਨਾਲੋਂ ਮੋਹਰੀ ਹੈ। ਦਿਓਬਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਰਹੇ ਤੇ ਵਿਰੋਧੀ ਸੀਪੀਐੱਨ-ਯੁੂਐੱਮਐੱਲ ਆਗੂ ਕੇ.ਪੀ.ਸ਼ਰਮਾ ਓਲੀ ਨੇ ਆਪਣੇ ਨੇੜਲੇ ਨੇਪਾਲੀ ਕਾਂਗਰਸ ਦੇ ਉਮੀਦਵਾਰ ਖਗੇਂਦਰ ਅਧਿਕਾਰੀ ਨੂੰ 28,574 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਓਲੀ ਝਾਪਾ-5 ਹਲਕੇ ਤੋਂ ਚੁਣੇ ਗੲੇ ਹਨ ਤੇ ਉਨ੍ਹਾਂ ਨੂੰ 20 ਨਵੰਬਰ ਨੂੰ ਹੋਈਆਂ ਸੰਸਦੀ ਚੋਣਾਂ ਵਿੱਚ 52,315 ਵੋਟਾਂ ਮਿਲੀਆਂ ਹਨ, ਜੋ ਕਿਸੇ ਉਮੀਦਵਾਰ ਨੂੰ ਮਿਲੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਹਨ। ਦਿਓਬਾ ਦੀ ਨੇਪਾਲੀ ਕਾਂਗਰਸ ਨੇ ਹੁਣ ਤੱਕ 19 ਸੀਟਾਂ ਜਿੱਤੀਆਂ ਹਨ ਤੇ ਪਾਰਟੀ ਉਮੀਦਵਾਰ 37 ਹੋਰਨਾਂ ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਉਧਰ ਓਲੀ ਦੀ ਸੀਪੀਐੱਨ-ਯੂਐੱਮਐੱਲ ਸੱਤ ਸੀਟਾਂ ’ਤੇ ਜੇਤੂ ਰਹੀ ਤੇ 37 ਸੀਟਾਂ ਉੱਤੇ ਉਸ ਦੇ ਉਮੀਦਵਾਰ ਮੋਹਰੀ ਹਨ। ਐੱਨਸੀ ਭਾਈਵਾਲ ਸੀਪੀਐੱਨ-ਮਾਓਵਾਦੀ ਨੇ 3 ਸੀਟਾਂ ਜਿੱਤੀਆਂ ਹਨ ਤੇ ਪਾਰਟੀ 15 ਹੋਰਨਾਂ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਸੀਪੀਐੱਨ-ਯੂਨੀਫਾਈਡ ਸੋਸ਼ਲਿਸਟ ਨੇ 2 ਤੇ ਲੋਕਤਾਂਤਰਿਕ ਪਾਰਟੀ ਨੇ ਇਕ ਸੀਟ ਜਿੱਤੀ ਹੈ ਤੇ ਦੋਵੇਂ ਪਾਰਟੀਆਂ ਕ੍ਰਮਵਾਰ 8 ਤੇ 2 ਸੀਟਾਂ ’ਤੇ ਅੱਗੇ ਹਨ। ਸੀਪੀਐੱਨ-ਯੂਐੱਮਐੱਲ-ਰਾਸ਼ਟਰੀ ਪ੍ਰਜਾਤੰਤਰ ਪਾਰਟੀ ਤੇ ਜਨਤਾ ਸਮਾਜਵਾਦੀ ਪਾਰਟੀ ਨੇ ਇਕ ਇਕ ਸੀਟ ’ਤੇ ਜਿੱਤ ਦਰਜ ਕੀਤੀ ਹੈ ਤੇ ਚਾਰ-ਚਾਰ ਸੀਟਾਂ ’ਤੇ ਉਸ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ।