ਤੁਰਕੀ ਧਮਾਕੇ ਦਾ ਮਸ਼ਕੂਕ ਗ੍ਰਿਫ਼ਤਾਰ

ਤੁਰਕੀ ਧਮਾਕੇ ਦਾ ਮਸ਼ਕੂਕ ਗ੍ਰਿਫ਼ਤਾਰ

ਤੁਰਕੀ ਧਮਾਕੇ ਦਾ ਮਸ਼ਕੂਕ ਗ੍ਰਿਫ਼ਤਾਰ
ਇਸਤਾਂਬੁਲ-ਤੁਰਕੀ ਦੀ ਪੁਲੀਸ ਨੇ ਐਤਵਾਰ ਨੂੰ ਰਾਜਧਾਨੀ ਇਸਤਾਂਬੁਲ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਬੰਬ ਰੱਖਣ ਵਾਲੇ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੇਸ਼ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਸੁਲੇਮਾਨ ਸੋਇਲੂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਘਾਤਕ ਹਮਲੇ ਪਿੱਛੇ ਕੁਰਦ ਲੜਾਕਿਆਂ ਦਾ ਹੱਥ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਇਸਤਿਕਲਾਲ ਐਵੇਨਿਊ ਨੇੜੇ ਐਤਵਾਰ ਨੂੰ ਹੋਏ ਧਮਾਕੇ ’ਚ 6 ਵਿਅਕਤੀ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ। ਅਨਾਦੋਲੂ ਖ਼ਬਰ ਏਜੰਸੀ ਨੇ ਸੋਇਲੂ ਦੇ ਹਵਾਲੇ ਨਾਲ ਕਿਹਾ, ‘‘ਜਿਸ ਵਿਅਕਤੀ ਨੇ ਬੰਬ ਲਗਾਇਆ ਸੀ, ਉਸ ਨੂੰ ਇਸਤਾਂਬੁਲ ਪੁਲੀਸ ਵਿਭਾਗ ਦੀਆਂ ਟੀਮਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ।’’ ਸੋਇਲੂ ਨੇ ਮਸ਼ਕੂਕ ਦੀ ਪਛਾਣ ਜਨਤਕ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ 21 ਹੋਰ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਮੰਤਰੀ ਨੇ ਕਿਹਾ ਕਿ ਹੁਣ ਤੱਕ ਦੇ ਸਬੂਤ ਕੁਰਦਿਸਤਾਨ ਵਰਕਰਜ਼ ਪਾਰਟੀ (ਪੀਕੇਕੇ) ਅਤੇ ਇਸ ਦੇ ਸੀਰਿਆਈ ਧੜੇ ਡੈਮੋਕਰੈਟਿਕ ਯੂਨੀਅਨ ਪਾਰਟੀ ਵੱਲ ਇਸ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਮਲੇ ਦਾ ਬਦਲਾ ਲਿਆ ਜਾਵੇਗਾ।