ਗੁਜਰਾਤ: ਭਗਵੰਤ ਮਾਨ ਨਾਲ ਸੈਲਫੀ ਸ਼ੇਅਰ ਕਰਨ ’ਤੇ ਭਾਜਪਾ ਆਗੂ ਮੁਅੱਤਲ

ਗੁਜਰਾਤ: ਭਗਵੰਤ ਮਾਨ ਨਾਲ ਸੈਲਫੀ ਸ਼ੇਅਰ ਕਰਨ ’ਤੇ ਭਾਜਪਾ ਆਗੂ ਮੁਅੱਤਲ

ਗੁਜਰਾਤ: ਭਗਵੰਤ ਮਾਨ ਨਾਲ ਸੈਲਫੀ ਸ਼ੇਅਰ ਕਰਨ ’ਤੇ ਭਾਜਪਾ ਆਗੂ ਮੁਅੱਤਲ
ਅਹਿਮਦਾਬਾਦ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੈਲਫੀ ਲੈ ਕੇ ਫੇਸਬੁੱਕ ਉਤੇ ਸ਼ੇਅਰ ਕਰਨ ਵਾਲੇ ਭਾਜਪਾ ਆਗੂ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਕ੍ਰਿਸ਼ਨਸਿੰਹ ਸੋਲੰਕੀ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਲਈ ਮੁਅੱਤਲ ਕੀਤਾ ਗਿਆ ਹੈ। ਸੋਲੰਕੀ ਅਹਿਮਦਾਬਾਦ ਦਾ ਭਾਜਪਾ ਆਗੂ ਹੈ ਤੇ ਛੇ ਮਹੀਨੇ ਪਹਿਲਾਂ ਤੱਕ ਉਹ ਪਾਰਟੀ ਦਾ ਤਰਜਮਾਨ ਵੀ ਸੀ। ਗੁਜਰਾਤ ਭਾਜਪਾ ਨੇ ਕਿਹਾ ਕਿ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸੋਲੰਕੀ ਨੇ ਐਤਵਾਰ ਰਾਤ ਮਾਨ ਨਾਲ ਲਈ ਸੈਲਫੀ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਦਿਆਂ ਲਿਖਿਆ, ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਭਗਵੰਤ ਮਾਨ ਜੀ ਦਾ ਧੰਨਵਾਦ’। ਭਾਜਪਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਲੰਕੀ ਨੂੰ ਪਾਰਟੀ ਵਿਚੋਂ ਛੇ ਸਾਲਾਂ ਲਈ ਕੱਢ ਦਿੱਤਾ ਗਿਆ ਹੈ। ਗੁਜਰਾਤ ਭਾਜਪਾ ਦੇ ਤਰਜਮਾਨ ਯਗਨੇਸ਼ ਦਵੇ ਨੇ ਕਿਹਾ ਕਿ ਸੋਲੰਕੀ ਭਾਜਪਾ ਦੀ ਮੀਡੀਆ ਟੀਮ ਦਾ ਹਿੱਸਾ ਸੀ ਤੇ ਬੁਲਾਰਾ ਵੀ ਰਹਿ ਚੁੱਕਾ ਹੈ ਪਰ ਹੁਣ ਉਸ ਕੋਲ ਕੋਈ ਅਹੁਦਾ ਨਹੀਂ ਸੀ। ਸੋਲੰਕੀ ਦੀ ਫੇਸਬੁੱਕ ਪ੍ਰੋਫਾਈਲ ਮੁਤਾਬਕ ਉਹ ਭਾਜਪਾ ਕਿਸਾਨ ਮੋਰਚੇ ਦਾ ਕੌਮੀ ਕਾਰਜਕਾਰੀ ਮੈਂਬਰ ਵੀ ਰਹਿ ਚੁੱਕਾ ਹੈ। ਜ਼ਿਕਰਯੋਗ ਹੈ ਕਿ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿਚ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਇਸੇ ਦੌਰਾਨ ਅੱਜ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਦਾ ਪੁੱਤਰ ਤੇ ਸਾਬਕਾ ਮੁੱਖ ਮੰਤਰੀ ਦੀ ਧੀ ‘ਆਪ’ ਵਿਚ ਸ਼ਾਮਲ ਹੋ ਗਏ। ਚੇਤਨ ਰਾਵਲ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਪ੍ਰਬੋਧ ਰਾਵਲ ਦੇ ਪੁੱਤਰ ਹਨ। ਉਹ ਕਾਂਗਰਸ ਦੀ ਅਹਿਮਦਾਬਾਦ ਇਕਾਈ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਛਬੀਲਦਾਸ ਮਹਿਤਾ ਦੀ ਧੀ ਨੀਤਾ ਮਹਿਤਾ ਨੇ ਵੀ ‘ਆਪ’ ਵਿਚ ਸ਼ਮੂਲੀਅਤ ਕੀਤੀ ਹੈ। ਇਨ੍ਹਾਂ ਤੋਂ ਇਲਾਵਾ ਦਲਿਤ ਲੇਖਕ ਸੁਨੀਲ ਜਾਦਵ ਵੀ ‘ਆਪ’ ਵਿਚ ਸ਼ਾਮਲ ਹੋਏ ਹਨ।