ਰੂਸ ਤੋਂ ਲਏ ਫ਼ੌਜੀ ਉਪਕਰਨਾਂ ਦੀ ਮੁਰੰਮਤ ’ਚ ਭਾਰਤ ਨੂੰ ਕੋਈ ਮੁਸ਼ਕਲ ਨਹੀਂ: ਜੈਸ਼ੰਕਰ

ਰੂਸ ਤੋਂ ਲਏ ਫ਼ੌਜੀ ਉਪਕਰਨਾਂ ਦੀ ਮੁਰੰਮਤ ’ਚ ਭਾਰਤ ਨੂੰ ਕੋਈ ਮੁਸ਼ਕਲ ਨਹੀਂ: ਜੈਸ਼ੰਕਰ

ਰੂਸ ਤੋਂ ਲਏ ਫ਼ੌਜੀ ਉਪਕਰਨਾਂ ਦੀ ਮੁਰੰਮਤ ’ਚ ਭਾਰਤ ਨੂੰ ਕੋਈ ਮੁਸ਼ਕਲ ਨਹੀਂ: ਜੈਸ਼ੰਕਰ
ਵਾਸ਼ਿੰਗਟਨ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਰੂਸ ਤੋਂ ਲਏ ਗਏ ਫ਼ੌਜੀ ਉਪਕਰਨਾਂ ਦੀ ਮੁਰੰਮਤ ਤੇ ਸਪੇਅਰ ਪਾਰਟਸ (ਪੁਰਜ਼ਿਆਂ) ਦੀ ਸਪਲਾਈ ਦੇ ਮਾਮਲੇ ’ਚ ਭਾਰਤ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ। ਭਾਰਤ ਨੇ ਸਪੱਸ਼ਟ ਕੀਤਾ ਕਿ ਯੂਕਰੇਨ ਜੰਗ ਲੱਗਣ ਤੋਂ ਬਾਅਦ ਉਸ ਨੂੰ ਕੋਈ ਸਮੱਸਿਆ ਨਹੀਂ ਆਈ। ਭਾਰਤ ਨੇ ਨਾਲ ਹੀ ਕਿਹਾ ਕਿ ਹਥਿਆਰਾਂ ਦੀ ਚੋਣ ਦੇ ਮਾਮਲੇ ਵਿਚ ਦੇਸ਼ ਉਹੀ ਚੁਣਦਾ ਹੈ ਜੋ ਉਸ ਨੂੰ ਕੌਮੀ ਹਿੱਤਾਂ ਮੁਤਾਬਕ ਲੱਗਦਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਹ ਟਿੱਪਣੀਆਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਇਕ ਸਾਂਝੀ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀਆਂ। ਪੱਤਰਕਾਰਾਂ ਨੇ ਜੈਸ਼ੰਕਰ ਤੋਂ ਭਾਰਤ ਦੀ ਰੱਖਿਆ ਖ਼ਰੀਦ ਬਾਰੇ ਵੀ ਸਵਾਲ ਕੀਤੇ। ਜ਼ਿਕਰਯੋਗ ਹੈ ਕਿ ਯੂਕਰੇਨ ਜੰਗ ਤੋਂ ਬਾਅਦ ਅਮਰੀਕਾ ਨੇ ਰੂਸ ਉਤੇ ਪਾਬੰਦੀਆਂ ਲਾ ਦਿੱਤੀਆਂ ਸਨ। ਅਮਰੀਕਾ ਜਾਂ ਇਜ਼ਰਾਈਲ ਤੋਂ ਹਥਿਆਰ ਖ਼ਰੀਦਣ ਦੇ ਸਵਾਲ ’ਤੇ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ, ‘ਅਸੀਂ ਕਿੱਥੋਂ ਫ਼ੌਜੀ ਉਪਕਰਨ ਤੇ ਪਲੈਟਫਾਰਮ ਖ਼ਰੀਦਦੇ ਹਾਂ, ਇਹ ਕੋਈ ਮੁੱਦਾ ਨਹੀਂ ਹੈ।’ ਉਨ੍ਹਾਂ ਨਾਲ ਹੀ ਕਿਹਾ ਕਿ ਭੂਗੋਲਿਕ-ਸਿਆਸੀ ਤਣਾਅ ਕਾਰਨ ਮੁੱਦੇ ਹੁਣ ਬਦਲ ਗਏ ਹਨ ਤੇ ਨਵੇਂ ਮੁੱਦੇ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਪੂਰੇ ਸੰਸਾਰ ਵਿਚ ਸੰਭਾਵਨਾਵਾਂ ਤਲਾਸ਼ ਰਿਹਾ ਹੈ, ਤਕਨੀਕ ਦੀ ਗੁਣਵੱਤਾ ਤੇ ਸਮਰੱਥਾ ਉਤੇ ਧਿਆਨ ਦਿੱਤਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਪਿਛਲੇ 15 ਸਾਲਾਂ ਵਿਚ ਭਾਰਤ ਨੇ ਅਮਰੀਕਾ ਤੋਂ ਸੀ-17, ਸੀ-130 ਜਿਹੇ ਜਹਾਜ਼, ਅਪਾਚੇ ਤੇ ਚਿਨੂਕ ਹੈਲੀਕਾਪਟਰ ਖ਼ਰੀਦੇ ਹਨ। ਇਸੇ ਤਰ੍ਹਾਂ ਫਰਾਂਸ ਤੋਂ ਰਾਫਾਲ ਲਏ ਗਏ ਹਨ। ਜੈਸ਼ੰਕਰ ਨੇ ਕਿਹਾ ਕਿ ਭਾਰਤ ਵਿਚ ਵੱਖ-ਵੱਖ ਸਰੋਤਾਂ ਤੋਂ ਹਥਿਆਰ ਲੈਣ ਦੀ ਰਵਾਇਤ ਰਹੀ ਹੈ। ਇਸ ਲਈ ਮੁਕਾਬਲੇ ਦੀ ਸਥਿਤੀ ਤੇ ਵਧੀਆ ਸੌਦੇ ਨੂੰ ਤਵੱਜੋਂ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਰੂਸ ਨੇ ਭਾਰਤ ਨੂੰ ਐੱਸ-400 ਮਿਜ਼ਾਈਲਾਂ ਦਿੱਤੀਆਂ ਹਨ ਜਿਸ ’ਤੇ ਅਮਰੀਕਾ ਨੇ ਇਤਰਾਜ਼ ਜਤਾਇਆ ਹੈ।