ਈ.ਡੀ. ਵਲੋਂ ਸਿਸੋਦੀਆ ਤੋਂ ਤਿਹਾੜ ਜੇਲ੍ਹ 'ਚ ਪੁੱਛਗਿੱਛ

ਈ.ਡੀ. ਵਲੋਂ ਸਿਸੋਦੀਆ ਤੋਂ ਤਿਹਾੜ ਜੇਲ੍ਹ 'ਚ ਪੁੱਛਗਿੱਛ

ਨਵੀਂ ਦਿੱਲੀ, -- ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੋਲੋਂ ਤਿਹਾੜ ਜੇਲ੍ਹ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ ਗਈ। ਈ.ਡੀ. ਵਲੋਂ ਸਿਸੋਦੀਆ ਕੋਲੋਂ ਇਹ ਪੁੱਛਗਿੱਛ ਦਿੱਲੀ ਆਬਕਾਰੀ ਨੀਤੀ 'ਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਹਵਾਲਾ ਮਾਮਲੇ 'ਚ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਤਿਹਾੜ ਜੇਲ੍ਹ ਵਿਚ ਹੀ ਸਿਸੋਦੀਆ ਦਾ ਬਿਆਨ ਦਰਜ ਕੀਤਾ ਗਿਆ। ਈ.ਡੀ. ਦੇ ਅਧਿਕਾਰੀ ਹਵਾਲਾ ਰੋਕੂ ਕਾਨੂੰਨ ਤਹਿਤ ਮਨੀਸ਼ ਸਿਸੋਦੀਆ ਦਾ ਬਿਆਨ ਦਰਜ ਕਰਨ ਲਈ ਮੰਗਲਵਾਰ ਨੂੰ ਤਿਹਾੜ ਜੇਲ੍ਹ ਪੁੱਜੇ। ਈ.ਡੀ. ਨੇ ਸਿਸੋਦੀਆ ਤੋਂ ਕਰੀਬ 6 ਘੰਟੇ ਪੁੱਛਗਿੱਛ ਕੀਤੀ। ਸੀ.ਬੀ.ਆਈ. ਨੇ 26 ਫਰਵਰੀ ਨੂੰ ਸਿਸੋਦੀਆ ਨੂੰ 2021-22 ਲਈ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ ਤਿਹਾੜ ਜੇਲ੍ਹ ਦੇ ਸੈੱਲ ਨੰਬਰ ਇਕ 'ਚ ਬੰਦ ਹਨ। ਈ.ਡੀ. ਇਸ ਮਾਮਲੇ 'ਚ ਹਵਾਲਾ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਨਿੱਜੀ ਸਹਾਇਕ ਕੋਲੋਂ ਪੁੱਛਗਿੱਛ
ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਸੀ.ਬੀ.ਆਈ. ਅਤੇ ਈ.ਡੀ. ਦੀ ਕਾਰਵਾਈ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜਿਥੇ ਸਿਸੋਦੀਆ ਤੋਂ ਤਿਹਾੜ ਜੇਲ੍ਹ ਵਿਚ ਈ.ਡੀ. ਵਲੋਂ ਪੁੱਛਗਿੱਛ ਕੀਤੀ ਗਈ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਨਿੱਜੀ ਸਕੱਤਰ ਦੇਵੇਂਦਰ ਸ਼ਰਮਾ ਤੋਂ ਸੀ. ਬੀ. ਆਈ. ਹੈੱਡਕੁਆਰਟਰ 'ਚ ਪੁੱਛਗਿੱਛ ਕੀਤੀ ਗਈ।
ਇਕ ਹੋਰ ਗ੍ਰਿਫ਼ਤਾਰ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਕੇਸ ਵਿਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਗਈ ਹੈ, ਜਿਸ ਤਹਿਤ ਹੈਦਰਾਬਾਦ ਦੇ ਸ਼ਰਾਬ ਕਾਰੋਬਾਰੀ ਅਰੁਣ ਰਾਮਚੰਦਰ ਪਿੱਲਈ ਨੂੰ ਸੋਮਵਾਰ ਸ਼ਾਮ ਨੂੰ ਹਿਰਾਸਤ 'ਚ ਲਿਆ ਗਿਆ। ਪਿੱਲਈ ਨੂੰ ਲੰਬੀ ਪੁੱਛਗਿੱਛ ਦੇ ਬਾਅਦ ਹਵਾਲਾ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਦੀ ਇਕ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ 13 ਮਾਰਚ ਤੱਕ ਈ. ਡੀ. ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ।

ad