ਲਿਜ਼ ਟਰੱਸ ਵੱਲੋਂ ਬਰਤਾਨੀਆ ਦੀ ਨਵੀਂ ਕੈਬਨਿਟ ਦਾ ਗਠਨ

ਲਿਜ਼ ਟਰੱਸ ਵੱਲੋਂ ਬਰਤਾਨੀਆ ਦੀ ਨਵੀਂ ਕੈਬਨਿਟ ਦਾ ਗਠਨ

ਲਿਜ਼ ਟਰੱਸ ਵੱਲੋਂ ਬਰਤਾਨੀਆ ਦੀ ਨਵੀਂ ਕੈਬਨਿਟ ਦਾ ਗਠਨ
ਲੰਡਨ-ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਅੱਜ ਇਥੇ ਆਪਣੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਵਿੱਚ ਪਲੇਠੀ ਕੈਬਨਿਟ ਮੀਟਿੰਗ ਕੀਤੀ। ਟਰੱਸ ਨੇ ਹਾਲਾਂਕਿ ਮੀਟਿੰਗ ਤੋਂ ਪਹਿਲਾਂ ਹੀ ਆਪਣੀ ਨਵੀਂ ਕੈਬਨਿਟ ਐਲਾਨ ਦਿੱਤੀ ਸੀ। ਕੈਬਨਿਟ ਵਿੱਚ ਸੰਸਦ ਦੇ ਗੈਰ-ਇਸਾਈ ਘੱਟਗਿਣਤੀ ਮੈਂਬਰਾਂ ਨੂੰ ਅਹਿਮ ਤੇ ਮੂਹਰਲੀ ਕਤਾਰ ਦੇ ਮਹਿਕਮੇ ਦਿੱਤੇ ਗਏ ਹਨ। ਭਾਰਤੀ ਮੂਲ ਦੀ ਸੁਏਲਾ ਬ੍ਰੇਵਰਮੈਨ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ। ਇਸੇ ਤਰ੍ਹਾਂ ਭਾਰਤੀ ਮੂਲ ਦੇ ਇਕ ਹੋਰ ਮੰਤਰੀ ਆਗਰਾ ਵਿੱਚ ਜਨਮੇ ਆਲੋਕ ਸ਼ਰਮਾ ਨੂੰ ਕੋਪ26 ਦਾ ਪ੍ਰਧਾਨ ਬਣਾਉਦਿਆਂ ਮੁੜ ਵਾਤਾਵਰਨ ਨਾਲ ਜੁੜੇ ਮੰਤਰਾਲੇ ਦੀ ਕਮਾਨ ਸੰਭਾਲੀ ਗਈ ਹੈ। ਬੈੱਨ ਵਾਲੇਸ ਨੂੰ ਰੱਖਿਆ ਮੰਤਰੀ ਤੇ ਟੈਰੇਜ਼ਾ ਕੌਫੀ ਨੂੰ ਉਪ ਪ੍ਰਧਾਨ ਮੰਤਰੀ ਦੇ ਨਾਲ ਸਿਹਤ ਰਾਜ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਸ੍ਰੀਲੰਕਨ ਤੇ ਭਾਰਤੀ ਮੂਲ ਦੀ ਲੰਡਨ ਵਿੱਚ ਜਨਮੀ ਜੂਨੀਅਰ ਮੰਤਰੀ ਰਨਿਲ ਜੈਵਰਧਨੇ ਨੂੰ ਤਰੱਕੀ ਦੇ ਕੇ ਵਾਤਾਵਰਨ, ਖੁਰਾਕ ਤੇ ਗ੍ਰਾਮੀਣ ਮਾਮਲਿਆਂ ਬਾਰੇ ਰਾਜ ਮੰਤਰੀ ਲਾਇਆ ਗਿਆ ਹੈ। ਵਿਦੇਸ਼ ਮੰਤਰਾਲਾ, ਜੋ ਪਹਿਲਾਂ ਟਰੱਸ ਕੋਲ ਸੀ, ਜੇਮਸ ਕਲੈਵਰਲੀ ਦੀ ਝੋਲੀ ਪਿਆ ਹੈ। ਕਲੈਵਰਲੀ ਦਾ ਸਬੰਧ ਪਿੱਛੋਂ ਸਿਏਰਾ ਲਿਓਨ ਤੋਂ ਹੈ। ਟੋਰੀ ਪਾਰਟੀ ਦੇ ਕਈ ਸੀਨੀਅਰ ਮੈਂਬਰਾਂ, ਜਿਨ੍ਹਾਂ ਕੰਜ਼ਰਵੇਟਿਵ ਆਗੂ ਦੀ ਚੋਣ ਦੌਰਾਨ ਭਾਰਤੀ ਮੂਲ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੂਨਕ ਦੀ ਪਿੱਠ ਥਾਪੜੀ ਸੀ, ਨੂੰ ਕੈਬਨਿਟ ’ਚੋਂ ਬਾਹਰ ਰੱਖਿਆ ਗਿਆ ਹੈ। ਕੈਬਨਿਟ ਤੇ ਰਾਜ ਮੰਤਰੀਆਂ ਦੀ ਨਿਯੁਕਤੀ ਦਾ ਅਮਲ ਮੰਗਲਵਾਰ ਨੂੰ ਹੀ ਸ਼ੁਰੂ ਹੋ ਗਿਆ ਸੀ, ਜੋ ਅੱਜ ਟਰੱਸ ਵੱਲੋਂ ਹਾਊਸ ਆਫ਼ ਕਾਮਨਜ਼ ਵਿੱਚ ਕੀਤੇ ਸੰਬੋਧਨ ਤੱਕ ਜਾਰੀ ਰਿਹਾ। ਯੂਕੇ ਦੀ ਨਵੀਂ ਗ੍ਰਹਿ ਮੰਤਰੀ ਬ੍ਰੇਵਰਮੈਨ ਦੀ ਮਾਂ ਤਾਮਿਲ ਮੂਲ ਦੀ ਹੈ ਤੇ ਉਸ ਦੇ ਪਰਿਵਾਰ ਦੀਆਂ ਜੜ੍ਹਾਂ ਮੌਰੀਸ਼ਸ ਵਿਚ ਹਨ। ਇਰਾਕੀ ਮੂਲ ਦੇ ਨਦੀਮ ਜ਼ਾਹਾਵੀ ਨੂੰ ਵੀ ਕੈਬਨਿਟ ਵਿੱਚ ਥਾਂ ਮਿਲੀ ਹੈ। ਬਰੈਂਡਨ ਲੂਈਸ ਨਵੇਂ ਨਿਆਂ ਮੰਤਰੀ ਹੋਣਗੇ। ਪੈਨੀ ਮੌਰਡੌਂਟ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਸਦਨ ਦੇ ਆਗੂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।