ਕਰਨਾਟਕ : ਭਾਜਪਾ ਵਿਧਾਇਕ ਦਾ ਪੁੱਤਰ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਕਰਨਾਟਕ : ਭਾਜਪਾ ਵਿਧਾਇਕ ਦਾ ਪੁੱਤਰ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਬੰਗਲੁਰੂ  : ਕਰਨਾਟਕ ’ਚ ਲੋਕਾਯੁਕਤ ਨੇ ਭਾਜਪਾ ਵਿਧਾਇਕ ਮਦਲ ਵੀਰੂਪਕਸ਼ੱਪਾ ਦੇ ਪੁੱਖ ਪ੍ਰਸ਼ਾਂਤ ਕੁਮਾਰ ਨੂੰ ਵੀਰਵਾਰ ਨੂੰ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਪ੍ਰਸ਼ਾਂਤ ਦੀ ਗ੍ਰਿਫ਼ਤਾਰੀ ਪਿਤਾ ਦੇ ਬੰਗਲੁਰੂ ਸਥਿਤ ਕਰਨਾਟਕ ਸ਼ਾਪ ਐਂਡ ਡਿਟਰਜੈਂਟ ਲਿਮਟਿਡ (ਕੇਐਸਡੀਐਲ) ਦੇ ਦਫ਼ਤਰ ਤੋਂ ਹੋਈ। ਰਿਸ਼ਵਤ ਲੈਂਦੇ ਫੜੇ ਜਾਣ ਤੋਂ ਇਕ ਦਿਨ ਬਾਅਦ ਭਾਜਪਾ ਵਿਧਾਇਕ ਮਦਾਲ ਵਿਰੂਪਕਸ਼ੱਪਾ ਦੇ ਪੁੱਤਰ ਪ੍ਰਸ਼ਾਂਤ ਕੁਮਾਰ ਦੇ ਘਰੋਂ ਛੇ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।
ਲੋਕਾਯੁਕਤ ਸੂਤਰਾਂ ਅਨੁਸਾਰ ਬੰਗਲੁਰੂ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁੱਖ ਲੇਖਾ ਅਧਿਕਾਰੀ ਪ੍ਰਸ਼ਾਂਤ ਨੂੰ ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ (ਕੇਐਸਡੀਐਲ) ਦੇ ਦਫ਼ਤਰ ਵਿੱਚ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਲੋਕਾਯੁਕਤ ਸੂਤਰਾਂ ਨੇ ਦੱਸਿਆ ਕਿ ਵੀਰੂਪਕਸ਼ੱਪਾ ਕੇਐੱਸਡੀਐੱਲ ਦਾ ਚੇਅਰਮੈਨ ਹੈ ਅਤੇ ਪ੍ਰਸ਼ਾਂਤ ਕਥਿਤ ਤੌਰ ’ਤੇ ਆਪਣੇ ਪਿਤਾ ਦੀ ਤਰਫੋਂ ਰਿਸ਼ਵਤ ਦੀ ’ਪਹਿਲੀ ਕਿਸ਼ਤ’ ਲੈ ਰਿਹਾ ਸੀ। ਪੁਲੀਸ ਮੁਲਾਜ਼ਮਾਂ ਨੂੰ ਕੇਐੱਸਡੀਐੱਲ ਦਫ਼ਤਰ ਵਿੱਚੋਂ ਨਕਦੀ ਨਾਲ ਭਰੇ ਤਿੰਨ ਬੈਗ ਵੀ ਮਿਲੇ ਹਨ। ਲੋਕਾਯੁਕਤ ਅਧਿਕਾਰੀਆਂ ਨੇ ਪ੍ਰਸ਼ਾਂਤ ਦੇ ਫੜੇ ਜਾਣ ਤੋਂ ਤੁਰੰਤ ਬਾਅਦ ਉਸ ਦੇ ਘਰ ਛਾਪਾ ਮਾਰਿਆ।
ਭਾਜਪਾ ਵਿਧਾਇਕ ਮਦਲ ਵੀਰੂਪਕਸ਼ੱਪਾ ਨੇ ਕੇਐਸਡੀਐਲ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਟੈਂਡਰ ਮਾਮਲੇ ’ਚ ਮੇਰੇ ਪੁੱਤਰ ਨੇ ਰਿਸ਼ਵਤ ਲਈ, ਉਸ ’ਚ ਮੈਂ ਸ਼ਾਮਲ ਨਹੀਂ ਹਾਂ। ਵੀਰੂਪਕਸ਼ੱਪਾ ਦੇ ਅਸਤੀਫ਼ੇ ਤੋਂ ਪਹਿਲਾਂ ਕਰਨਾਟਕ ਦੇ ਮੁੱਖ ਮੰਤਰੀ ਬਸਵ ਰਾਜ ਬੋਮਈ ਨੇ ਕਿਹਾ ਸੀ ਕਿ ਲੋਕਾਯੁਕਤ ਨੂੰ ਦੁਬਾਰਾ ਸ਼ੁਰੂ ਕਰਨ ਦਾ ਮਕਸਦ ਸੂਬੇ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੈ।
ਲੋਕਾਯੁਕਤ ਅਧਿਕਾਰੀਆਂ ਮੁਤਾਬਿਕ ਪ੍ਰਸ਼ਾਂਤ ਕਰਨਾਟਕ ਐਡਮਿਨੀਸਟ੍ਰੇਟਿਵ ਸਰਵਿਸਿਜ਼ ਦੇ 2008 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਸਾਬਣ ਅਤੇ ਹੋਰ ਡਿਟਰਜ਼ੰਟ ਬਣਾਉਣ ਲਈ ਕੱਚੇ ਮਾਲ ਨੂੰ ਖਰੀਦਣ ਦੀ ਡੀਲ ਵਾਸਤੇ ਇਕ ਠੇਕੇਦਾਰ ਤੋਂ 80 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਠੇਕੇਦਾਰ ਨੇ ਇਸ ਦੀ ਸ਼ਿਕਾਇਤ ਲੋਕਾਯੁਕਤ ਨੂੰ ਦਿੱਤੀ ਸੀ। ਸ਼ਿਕਾਇਤ ’ਤੇ ਲੋਕਾਯੁਕਤ ਨੇ ਪ੍ਰਸ਼ਾਂਤ ਨੂੰ ਰੰਗੇ ਹੱਥੀ ਫੜਨ ਦੀ ਯੋਜਨਾ ਬਣਾਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੀਐਸਡੀਐਲ ਦੇ ਚੇਅਰਮੈਨ ਅਤੇ ਭਾਜਪਾ ਵਿਧਾਇਕ ਮਦਲ ਵੀਰੂਪਕਸ਼ੱਪਾ ਵੱਲੋਂ ਇਹ ਰਕਮ ਲਈ ਗਈ ਹੈ। ਅਜਿਹੇ ’ਚ ਰਿਸ਼ਵਤ ਲੈਣ ਦੇ ਇਸ ਮਾਮਲੇ ’ਚ ਪਿਤਾ ਅਤੇ ਪੁੱਤਰ ਦੋਵੇਂ ਦੋਸ਼ੀ ਹਨ। ਉੱਧਰ ਪ੍ਰਸ਼ਾਂਤ ਦੇ ਪਿਤਾ ਮਦਲ ਵੀਰੂਪਕਸ਼ੱਪਾ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੀ ਜਾਣਕਾਰੀ ਮੈਨੂੰ ਮੀਡੀਆ ਰਾਹੀਂ ਮਿਲੀ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਟੈਂਡਰ ’ਚ ਸ਼ਾਮਲ ਨਹੀਂ ਹਾਂ।

sant sagar