ਕੈਨੇਡਾ ਵਿੱਚ ਚਾਕੂ ਮਾਰ ਕੇ 10 ਦੀ ਹੱਤਿਆ, 15 ਜ਼ਖ਼ਮੀ

ਕੈਨੇਡਾ ਵਿੱਚ ਚਾਕੂ ਮਾਰ ਕੇ 10 ਦੀ ਹੱਤਿਆ, 15 ਜ਼ਖ਼ਮੀ

ਕੈਨੇਡਾ ਵਿੱਚ ਚਾਕੂ ਮਾਰ ਕੇ 10 ਦੀ ਹੱਤਿਆ, 15 ਜ਼ਖ਼ਮੀ
ਰੈਜਿਨਾ (ਕੈਨੇਡਾ)-ਰੈਜਿਨਾ ਅਤੇ ਸਸਕੈਚਵਨ ਵਿੱਚ ਇਕ ਹੋਰ ਕਸਬੇ ’ਚ ਮੁਕਾਮੀ ਭਾਈਚਾਰੇ ਦੇ ਲੋਕਾਂ ’ਤੇ ਚਾਕੂ ਨਾਲ ਹਮਲੇ ਦੀਆਂ ਲੜੀਵਾਰ ਘਟਨਾਵਾਂ ਵਿੱਚ 10 ਵਿਅਕਤੀਆਂ ਦੀ ਮੌਤ ਜਦੋਂਕਿ 15 ਜਣੇ ਜ਼ਖ਼ਮੀ ਹੋ ਗਏ। ਕੈਨੇਡੀਅਨ ਪੁਲੀਸ ਨੇ ਹਮਲਾ ਕਰਨ ਵਾਲੇ ਦੋ ਮਸ਼ਕੂਕਾਂ ਦੀ ਭਾਲ ਵਿੱਢ ਦਿੱਤੀ ਹੈ। ਇਨ੍ਹਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਦਾ ਘੇਰਾ ਵਧਾਉਂਦਿਆਂ ਨੇੜਲੇ ਰਾਜਾਂ ਵਿੱਚ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਮਸ਼ਕੂਕਾਂ ਦੀ ਪਛਾਣ ਡੈਮੀਅਨ ਸੈਂਡਰਸਨ (31) ਤੇ ਮਾਇਲਸ ਸੈਂਡਰਸਨ (30) ਵਜੋਂ ਹੋਈ ਹੈ। ਪੁਲੀਸ ਮੁਤਾਬਕ ਚਾਕੂ ਨਾਲ ਹਮਲੇ ਦੀਆਂ ਇਹ ਘਟਨਾਵਾਂ ਜੇਮਸ ਸਮਿਥ ਕ੍ਰੀ ਨੇਸ਼ਨ ਤੇ ਸੈਸਕਾਟੂਨ ਦੇ ਉੱਤਰ-ਪੂਰਬ ਵਿੱਚ ਵੈਲਡਨ ਪਿੰਡ ਵਿੱਚ ਵਾਪਰੀਆਂ। ਪੁਲੀਸ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸਸਕੈਚਵਨ ਪੁਲੀਸ ਵਿੱਚ ਸਹਾਇਕ ਕਮਿਸ਼ਨਰ ਰੌਂਡਾ ਬਲੈਕਮੋਰ ਨੇ ਕਿਹਾ ਕਿ ਮਸ਼ਕੂਕਾਂ ਨੇ ਕੁਝ ਪੀੜਤਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਦੋਂਕਿ ਇਕ ਹੋਰ ਘਟਨਾ ਵਿੱਚ ਹਮਲਾਵਰਾਂ ਨੂੰ ਜਿਹੜਾ ਵਿਅਕਤੀ ਮਿਲਿਆ, ਉਸ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਪੁਲੀਸ ਅਧਿਕਾਰੀ ਹਾਲਾਂਕਿ ਇਨ੍ਹਾਂ ਹਮਲਿਆਂ ਪਿਛਲੇ ਅਸਲ ਮੰਤਵ ਬਾਰੇ ਨਹੀਂ ਦੱਸ ਸਕੀ। ਬਲੈਕਮੋਰ ਨੇ ਕਿਹਾ ਕਿ ਘੱਟੋ-ਘੱਟ 13 ਥਾਵਾਂ ਸਨ, ਜਿੱਥੇ ਹਮਲੇ ਵਿੱਚ ਮਾਰੇ ਗਏ ਲੋਕ ਜਾਂ ਜ਼ਖ਼ਮੀ ਮਿਲੇ ਹਨ। ਕੈਨੇਡਾ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀਆਂ ਸਭ ਤੋਂ ਘਾਤਕ ਸਮੂਹਿਕ ਹੱਤਿਆਵਾਂ ਹਨ। ਇਸ ਤੋਂ ਪਹਿਲਾਂ ਸਾਲ 2020 ਵਿੱਚ ਨੋਵਾਸਕੋਸ਼ੀਆ ਸੂਬੇ ਵਿੱਚ ਪੁਲੀਸ ਅਧਿਕਾਰੀ ਦੇ ਭੇਸ ਵਿੱਚ ਆਏ ਵਿਅਕਤੀ ਵੱਲੋਂ ਘਰਾਂ ਵਿੱਚ ਦਾਖ਼ਲ ਹੋ ਕੇ ਕੀਤੀ ਫਾਇਰਿੰਗ ਵਿੱਚ 22 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ। ਬਲੈਕਮੋਰ ਨੇ ਕਿਹਾ ਕਿ ਪੁਲੀਸ ਨੂੰ ਫਸਟ ਨੇਸ਼ਨ ਭਾਈਚਾਰੇ (ਮੂਲ ਵਾਸੀਆਂ) ’ਤੇ ਚਾਕੂ ਨਾਲ ਹਮਲੇ ਕਰਨ ਦੀ ਸੂਚਨਾ ਸਵੇਰੇ 6 ਵਜੇ ਦੇ ਕਰੀਬ ਮਿਲੀ ਸੀ।