ਕੇਜਰੀਵਾਲ ਸਰਕਾਰ ਨੇ ਅਸੈਂਬਲੀ ’ਚ ਭਰੋਸੇ ਦਾ ਮਤ ਜਿੱਤਿਆ

ਕੇਜਰੀਵਾਲ ਸਰਕਾਰ ਨੇ ਅਸੈਂਬਲੀ ’ਚ ਭਰੋਸੇ ਦਾ ਮਤ ਜਿੱਤਿਆ

ਕੇਜਰੀਵਾਲ ਸਰਕਾਰ ਨੇ ਅਸੈਂਬਲੀ ’ਚ ਭਰੋਸੇ ਦਾ ਮਤ ਜਿੱਤਿਆ
ਨਵੀਂ ਦਿੱਲੀ-ਦਿੱਲੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਭਰੋਸੇ ਦੇ ਮਤੇ ਨੂੰ ਸਦਨ ਵਿੱਚ ਮੌਜੂਦ 58 ‘ਆਪ’ ਵਿਧਾਇਕਾਂ ਨੇ ਅੱਜ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ। ਪੰਜ ਭਾਜਪਾ ਵਿਧਾਇਕ ਵੋਟਿੰਗ ਮੌਕੇ ਸਦਨ ’ਚੋਂ ਵਾਕਆਊਟ ਕਰ ਗਏ ਜਦੋਂਕਿ ਤਿੰਨ ਵਿਧਾਇਕਾਂ ਨੂੰ ਡਿਪਟੀ ਸਪੀਕਰ ਨਾਲ ਹੋਈ ਬਹਿਸ ਮਗਰੋਂ ਮਾਰਸ਼ਲਾਂ ਨੇ ਪਹਿਲਾਂ ਹੀ ਸਦਨ ’ਚੋਂ ਬਾਹਰ ਕੱਢ ਦਿੱਤਾ ਸੀ। ਸਦਨ ਵਿੱਚ ਮੌਜੂਦ ਆਮ ਆਦਮੀ ਪਾਰਟੀ ਦੇ 58 ਵਿਧਾਇਕਾਂ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ। ਭਾਜਪਾ ਵਿਧਾਇਕਾਂ ਦੀ ਗੈਰਮੌਜੂਦਗੀ ਕਰਕੇ ਮਤੇ ਦੇ ਵਿਰੋਧ ’ਚ ਇਕ ਵੀ ਵੋਟ ਨਹੀਂ ਪਈ। ਵੋਟਿੰਗ ਤੋਂ ਫੌਰੀ ਮਗਰੋਂ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਸਦਨ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਰੋਸੇ ਦੇ ਮਤੇ ’ਤੇ ਵੋਟਿੰਗ ਤੋਂ ਪਹਿਲਾਂ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਉਹ ਸਦਨ ਵਿੱਚ ਮਤਾ ਲਿਆਏ ਤਾਂ ਕਿ ਦੇਸ਼ ਨੂੰ ਇਹ ਸਾਬਤ ਕਰ ਸਕਣ ਕਿ ਭਾਜਪਾ ‘ਆਪ’ ਵਿਧਾਇਕਾਂ ਨੂੰ ਨਹੀਂ ਖਰੀਦ ਸਕਦੀ ਤੇ ਭਗਵਾ ਪਾਰਟੀ ਦਾ ‘ਆਪਰੇਸ਼ਨ ਕਮਲ’ ਦਿੱਲੀ ਵਿੱਚ ਫੇਲ੍ਹ ਹੋ ਗਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ’ਤੇ ਤਨਜ਼ ਕਸਦਿਆਂ ਕਿਹਾ ਕਿ ਸੀਬੀਆਈ ਦੀ ਜਾਂਚ ਵਿੱਢ ਕੇ ਸ੍ਰੀ ਮੋਦੀ ਨੇ ਸਿਸੋਦੀਆ ਤੇ ‘ਆਪ’ ਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇ ਦਿੱਤਾ ਹੈ। ਆਈਆਈਟੀ ਵਿੱਚ ਪੜ੍ਹਦੇ ਆਪਣੇ ਬੱਚਿਆਂ ਦੇ ਹਵਾਲੇ ਨਾਲ ਕੇਜਰੀਵਾਲ ਨੇ ਕਿਹਾ ਕਿ ਉਹ ਭਾਰਤ ਦੇ ਹਰ ਬੱਚੇ ਨੂੰ ਇਕੋ ਜਿਹੀ ਸਿੱਖਿਆ ਦੇਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਕੋਲ 62 ਵਿਧਾਇਕ ਹਨ, ਜਿਨ੍ਹਾਂ ’ਚੋਂ ਸਪੀਕਰ (ਰਾਮ ਨਿਵਾਸ ਗੋਇਲ) ਕੈਨੇਡਾ ਵਿੱਚ ਹਨ, ਨਰੇਸ਼ ਬਾਲਿਆਨ ਆਸਟਰੇਲੀਆ ਵਿੱਚ ਤੇ ਸਤਿੰਦਰ ਜੈਨ ਜੇਲ੍ਹ ’ਚ ਹਨ। ਬਾਕੀ ਵਿਧਾਇਕ ਸਦਨ ਵਿੱਚ ਮੌਜੂਦ ਹਨ, ਤੇ ਇਨ੍ਹਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ।
ਕੇਜਰੀਵਾਲ ਨੇ ਅਗਾਮੀ ਗੁਜਰਾਤ ਅਸੈਂਬਲੀ ਚੋਣਾਂ ਦੇ ਹਵਾਲੇ ਨਾਲ ਕਿਹਾ ਕਿ ਸੀਬੀਆਈ ਵੱਲੋਂ ਉਨ੍ਹਾਂ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਮਾਰੇ ਛਾਪਿਆਂ ਮਗਰੋਂ ਗੁਜਰਾਤ ਵਿੱਚ ‘ਆਪ’ ਦਾ ਵੋਟ ਹਿੱਸੇਦਾਰੀ 4 ਫੀਸਦ ਵਧ ਗਈ ਹੈ। ਉਨ੍ਹਾਂ ਕਿਹਾ ਕਿ ‘ਜੇਕਰ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ’ ਤਾਂ ਇਸ ਵਿੱਚ 2 ਫੀਸਦ ਦਾ ਹੋਰ ਇਜ਼ਾਫਾ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਸੀਬੀਆਈ ਸਿਸੋਦੀਆ ਦੇ ਪਿੰਡ ਤੱਕ ਗਈ ਤੇ ਉਸ ਦੇ ਬੈਂਕ ਲੌਕਰਾਂ ਦੀ ਵੀ ਤਲਾਸ਼ੀ ਲਈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਉਨ੍ਹਾਂ ਦੇ ਪਾਰਟੀ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਪਰ ਇਕ ਵੀ ਵਿਧਾਇਕ ਨੇ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਮੁੱਖ ਮੰਤਰੀ ਨੇ ਕਿਹਾ, ‘‘ਉਹ ਵਿਧਾਇਕਾਂ ਨੂੰ ਖਰੀਦਣ ਲਈ 20-50 ਕਰੋੜ ਰੁਪਏ ਖਰਚ ਰਹੇ ਹਨ। ਜੇਕਰ ਮੈਂ ਸਕੂਲ ਤੇ ਹਸਪਤਾਲ ਬਣਾਉਣਾ ਚਾਹੁੰਦਾ ਹਾਂ, ਤਾਂ ਕੀ ਮੈਂ ਕੁਝ ਗ਼ਲਤ ਕਰ ਰਿਹਾ ਹਾਂ।’’ ਕੇਜਰੀਵਾਲ ਨੇ ਕਿਹਾ ਕਿ ਕੱਟੜ ਬੇਈਮਾਨ ਪਾਰਟੀ ਵਿੱਚ ਪੜ੍ਹੇ-ਲਿਖੇ ਲੋਕਾਂ ਦੀ ਘਾਟ ਹੈ ਜਦੋਂ ਕਿ ‘ਕੱਟੜ ਇਮਾਨਦਾਰ’ ਪਾਰਟੀ ਕੋਲ ਚੰਗੀ ਸਿੱਖਿਆ, ਅਸਲ ਆਈਆਈਟੀ ਡਿਗਰੀਆਂ ਵਾਲੇ ਲੋਕ ਹਨ।
ਇਸ ਤੋਂ ਪਹਿਲਾਂ ਸਦਨ ਵਿੱਚ ਭਾਜਪਾ ਵਿਧਾਇਕਾਂ ਵਜਿੰਦਰ ਗੁਪਤਾ, ਅਭੈ ਵਰਮਾ ਤੇ ਮੋਹਨ ਸਿੰਘ ਬਿਸ਼ਟ ਨੇ ਡਿਪਟੀ ਸਪੀਕਰ ਰਾਖੀ ਬਿਰਲਾ ਨਾਲ ਬਹਿਸ ਕੀਤੀ ਤਾਂ ਉਨ੍ਹਾਂ ਮਾਰਸ਼ਲਾਂ ਰਾਹੀਂ ਤਿੰਨਾਂ ਨੂੰ ਸਦਨ ਵਿੱਚੋਂ ਬਾਹਰ ਕੱਢਵਾ ਦਿੱਤਾ। ਡਿਪਟੀ ਸਪੀਕਰ ਨੇ ਇਸ ਨੂੰ ਭਾਜਪਾ ਦੀ ‘ਨੌਟੰਕੀ’ ਦੱਸਿਆ। ਭਾਜਪਾ ਵਿਧਾਇਕ ਆਪਣੇ ਵੱਲੋਂ ਲਿਆਂਦੇ ਧਿਆਨ ਦਿਵਾਊ ਮਤਿਆਂ ਉਪਰ ਬਹਿਸ ਚਾਹੁੰਦੇ ਸਨ। ਬਾਕੀ ਦੇ 5 ਭਾਜਪਾ ਵਿਧਾਇਕ ਵੀ ਮਗਰੋਂ ਸਾਥੀ ਵਿਧਾਇਕਾਂ ਨੂੰ ਬਾਹਰ ਕੱਢੇ ਜਾਣ ਦੇ ਰੋਸ ਵਜੋਂ ਵਾਕਆਊਟ ਕਰ ਗਏ। 70 ਮੈਂਬਰੀ ਵਿਧਾਨ ਸਭਾ ਵਿੱਚ ‘ਆਪ’ ਦੇ 62 ਤੇ ਭਾਜਪਾ ਦੇ 8 ਵਿਧਾਇਕ ਹਨ।